ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ‘ਕੰਮ ਵਾਲੀ ਥਾਂ ’ਤੇ ਮਾਨਸਿਕ ਸਿਹਤ’ ਵਿਸ਼ੇ ’ਤੇ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਦਿਵਸ ਨੂੰ ਸਮਰਪਿਤ ਉਲੀਕੇ ਇਯ ਪ੍ਰੋਗਰਾਮ ਦਾ ਮਕਸਦ ਮਾਨਸਿਕ ਸਿਹਤ ਨਾਲ ਸਬੰਧਿਤ ਮੁੱਦਿਆਂ ਸਬੰਧੀ ਜਾਗਰੂਕ ਕਰਨਾ ਸੀ। ਇਸ ਪ੍ਰੋਗਰਾਮ ਤਹਿਤ ਪ੍ਰਿੰ: ਡਾ. ਅਮਨਪ੍ਰੀਤ ਕੌਰ ਅਤੇ ਮੈਂਟਲ ਹੈਲਥ ਨਰਸਿੰਗ ਟੀਮ ਵੱਲੋਂ ਡਾ. ਮੋਨਿਕਾ ਡੋਗਰਾ, ਸ੍ਰੀਮਤੀ ਨੀਰਜ ਗਿੱਲ, ਕਵਲਜੀਤ ਕੌਰ ਅਤੇ ਸ੍ਰੀਮਤੀ ਜਾਗ੍ਰਿਤੀ ਨੇ ਸ਼ਿਰਕਤ ਕਰਦਿਆਂ ਤਣਾਅ ਨਾਲ ਕਿਵੇਂ ਨਜਿੱਠਣ ਸਕਦੇ ਹਾਂ ਅਤੇ ਸਿਹਤਮੰਦ ਲਈ ਕਿਹੜੇ ਨੁਕਤੇ ਅਪਨਾ ਸਕਦੇ ਹਾਂ, ਬਾਰੇ ਵਿਚਾਰ ਸਾਂਝੇ ਕੀਤੇ।
ਇਸ ਦੌਰਾਨ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣ ਦੇ ਮਕਸਦ ਤਹਿਤ ਦੇਸ਼-ਵਿਦੇਸ਼ ’ਚ ਉਕਤ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਸਾਲ-2020 ਤੋਂ ਬਾਅਦ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਦੀ ਤਾਦਾਦ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਰੋਗ ਤੋਂ ਬੱਚੇ ਵੀ ਨਹੀਂ ਬਚ ਸਕੇ ਹਨ। ਯੂਨੀਸੇਫ ਦੀ 2021 ਦੀ ਰਿਪੋਰਟ ਅਨੁਸਾਰ ਦੇਸ਼ ’ਚ 14 ਪ੍ਰਤੀਸ਼ਤ ਬੱਚੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ’ਚ ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਤੰਦਰੁਸਤੀ ਹੁੰਦੀ ਹੈ, ਜੋ ਇਨਸਾਨ ਦੇ ਸੋਚਣ, ਮਹਿਸੂਸ ਅਤੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦੀ ਹੈ।ਉਨ੍ਹਾਂ ਕਿਹਾ ਕਿ ਮਾਨਸਿਕ ਅਤੇ ਸਰੀਰਿਕ ਤੰਦਰੁਸਤੀ ਸਮੁੱਚੀ ਸਿਹਤ ਦੇ ਬਰਾਬਰ ਮਹੱਤਵਪੂਰਨ ਅੰਗ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਡਿਪਰੈਸ਼ਨ ਕਈ ਤਰ੍ਹਾਂ ਦੀਆਂ ਸਰੀਰਿਕ ਸਿਹਤ ਸਮੱਸਿਆਵਾਂ ਸ਼ੂਗਰ, ਦਿਲ ਦੀ ਬਿਮਾਰੀ ਅਤੇ ਸਟਰੋਕ ਆਦਿ ਦੇ ਜੋਖਮ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਬਿਮਾਰੀ ਦਾ ਕੋਈ ਇੱਕ ਕਾਰਨ ਨਹੀਂ ਬਲਕਿ ਸਦਮੇ ਜਾਂ ਬਾਲ ਦੁਰਵਿਵਹਾਰ, ਜਿਨਸੀ ਹਮਲਾ, ਹਿੰਸਾ ਦਾ ਗਵਾਹ, ਇਕਲਾਪਨ ਜਾਂ ਅਲਗਾਵ ਦੀ ਭਾਵਨਾ ਆਦਿ ਬਹੁਤ ਸਾਰੇ ਕਾਰਕ ਮਾਨਸਿਕ ਬਿਮਾਰੀ ਦੇ ਜੋਖਮ ’ਚ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਮੌਕੇ ਉਕਤ ਟੀਮ ਦੀ ਅਗਵਾਈ ਹੇਠ ਹਸਪਤਾਲ ਦੇ ਮੈਡੀਕਲ ਓ. ਪੀ. ਡੀ. ਖੇਤਰ ’ਚ ਐਮ. ਐਸ. ਸੀ. (ਐਨ) ਸਾਲ ਅਤੇ ਜੀ. ਐਨ. ਐਮ. ਦੂਜਾ ਸਾਲ ਦੇ ਵਿਦਿਆਰਥੀਆਂ ਦੁਆਰਾ ਪੋਸਟਰ ਪ੍ਰਦਰਸ਼ਨੀ ਲਗਾਈ ਗਈ।ਜਿਸ ’ਚ ੳਨ੍ਹਾਂ ਨੇ ਪੋਸਟਰਾਂ ਰਾਹੀਂ ਕੰਮ ਦੇ ਤਣਾਅ, ਇਸ ਦੇ ਕਾਰਨਾਂ, ਤਣਾਅ ਦੇ ਲੱਛਣਾਂ ਅਤੇ ਕੰਮ ਵਾਲੀ ਥਾਂ ’ਤੇ ਤਣਾਅ ਦੇ ਪ੍ਰਬੰਧਨ ਦੇ ਤਰੀਕਿਆਂ ਨੂੰ ਬਾਖੂਬੀ ਸੁਚੱਜੇ ਢੰਗ ਨਾਲ ਦਰਸਾਇਆ। ਇਸ ਦੌਰਾਨ ਪਹਿਲੀ ਨਰਸਿੰਗ ਸੁਪਰਡੈਂਟ ਸ੍ਰੀਮਤੀ ਜਸਬੀਰ ਕੌਰ ਨੇ ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ੍ਰੀਮਤੀ ਬਲਜੀਤ ਕੌਰ ਨਾਲ ਮਿਲ ਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਜਿਸ ’ਚ ਓ. ਪੀ. ਡੀ. ਇੰਚਾਰਜ ਸ੍ਰੀਮਤੀ ਦਲਵਿੰਦਰ ਕੌਰ ਅਤੇ ਹੋਰ ਨਰਸਿੰਗ ਅਧਿਕਾਰੀ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਦੌਰਾਨ ਨਰਸਿੰਗ ਸਟਾਫ਼ ਲਈ ਕੋਲਾਜ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ’ਚ ਉਨ੍ਹਾਂ ਨੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਸਪਤਾਲ ਦੇ ਸਟਾਫ਼ ਵੱਲੋਂ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ।