ਨਵੀਂ ਦਿੱਲੀ - ਵਰਲਡ ਸਿੱਖ ਚੈਂਬਰ ਆਫ਼ ਕਾਮਰਸ (ਡਬਲਯੂਐਸਸੀਸੀ), ਨੇ ਐਮਐਸ ਟਾਕਸ ਦੇ ਸਹਿਯੋਗ ਨਾਲ, ਵੱਕਾਰੀ ਬੇਲਾ ਮੋਂਡੇ ਵਿਖੇ ਗਲੋਬਲ ਸਿੱਖ ਲੇਖਕ ਅਤੇ ਵਪਾਰ ਪੁਰਸਕਾਰ (ਜੀਐਸਏਬੀਏ) ਦੇ ਦੂਜੇ ਸੀਜ਼ਨ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ। ਇਸ ਮਹੱਤਵਪੂਰਨ ਸਮਾਗਮ ਨੇ ਸਿੱਖ ਉੱਦਮੀਆਂ, ਪੇਸ਼ੇਵਰਾਂ ਅਤੇ ਲੇਖਕਾਂ ਦੇ ਬੇਮਿਸਾਲ ਯੋਗਦਾਨ ਨੂੰ ਮਾਨਤਾ ਦਿੱਤੀ ਅਤੇ ਮਨਾਈ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕੀਤਾ ਹੈ, ਸਿੱਖ ਕਮਿਊਨਿਟੀ ਨੂੰ ਉੱਚਾ ਚੁੱਕਣ ਅਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਰੋਲ ਅਦਾ ਕੀਤਾ ਹੈ । ਇਸ ਸਮਾਗਮ ਵਿੱਚ ਬੋਲਦਿਆਂ ਡਬਲਯੂਐਸਸੀਸੀ ਗਲੋਬਲ ਦੇ ਚੇਅਰਮੈਨ ਡਾ. ਪਰਮੀਤ ਸਿੰਘ ਚੱਢਾ ਨੇ ਟਿੱਪਣੀ ਕੀਤੀ, “ਇਹ ਪੁਰਸਕਾਰ ਸਮਾਰੋਹ ਕੇਵਲ ਪ੍ਰਾਪਤੀਆਂ ਦਾ ਜਸ਼ਨ ਹੀ ਨਹੀਂ ਬਲਕਿ ਸਿੱਖ ਉੱਦਮ ਅਤੇ ਨਵੀਨਤਾ ਦੀ ਭਾਵਨਾ ਨੂੰ ਮਾਨਤਾ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਆਪਣੀ ਕਮਿਊਨਿਟੀ ਨੂੰ ਉੱਚਾ ਚੁੱਕਣਾ ਅਤੇ ਨੇਤਾਵਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਸਾਡਾ ਮਿਸ਼ਨ ਹੈ। ਇਸ ਮੌਕੇ 27 ਸਿੱਖ ਲੇਖਕਾਂ ਦੁਆਰਾ ਲਿਖੀਆਂ ਪ੍ਰੇਰਨਾਦਾਇਕ ਕਹਾਣੀਆਂ ਦਾ ਦੂਜਾ ਸੰਗ੍ਰਹਿ ਵੀ ਜਾਰੀ ਕੀਤਾ ਗਿਆ ਸੀ ।
ਇਸ ਮੌਕੇ 30 ਸਿੱਖ ਬੀਬੀਆਂ, 3 ਰਾਗੀ ਸਾਹਿਬਾਨ ਅਤੇ ਕਥਾਵਾਚਕ, 1 ਵਕੀਲ, 60 ਬਿਸਨੈਸਮੈਨ ਅਤੇ 20 ਸਮਾਜਿਕ ਕਾਰਕੁਨਾਂ ਨੂੰ ਉਨ੍ਹਾਂ ਵਲੋਂ ਵੱਖ ਵੱਖ ਖੇਤਰਾਂ ਅੰਦਰ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਵਪਾਰਿਕ ਅਤੇ ਲੇਖਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਬਲਊਐਸਸੀਸੀ ਅਤੇ ਐਮ ਐਸ ਟਾਕਸ ਵਿਚਕਾਰ ਸਾਂਝੇਦਾਰੀ ਨੇ ਸਿੱਖ ਡਾਇਸਪੋਰਾ ਦੇ ਸਭ ਤੋਂ ਚਮਕਦਾਰ ਦਿਮਾਗਾਂ ਅਤੇ ਪ੍ਰਭਾਵਸ਼ਾਲੀ ਸਿੱਖਾਂ ਨੂੰ ਇਕੱਠਾ ਕੀਤਾ। ਇਸ ਸਮਾਗਮ ਨੇ ਵਪਾਰ, ਸਾਹਿਤ ਅਤੇ ਕਮਿਊਨਿਟੀ ਸੇਵਾ ਵਿੱਚ ਸਿੱਖ ਆਗੂਆਂ ਦੇ ਵਡਮੁੱਲੇ ਯੋਗਦਾਨ ਬਾਰੇ ਚਾਨਣਾ ਪਾਇਆ।