ਨਵੀਂ ਦਿੱਲੀ - ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਡੂੰਘੀ ਮਾਨਸਿਕ ਪੀੜਾ ਦੇਣ ਵਾਲੀਆਂ ਹਨ। ਬੀਤੇ ਦਿਨ ਪਿੰਡ ਮੁਰਾਦਪੁਰਾ ਪਤੀ ਰਾਮਪੁਰਾ ਅਬਾਦੀ ਦੇ ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਵਿਖ਼ੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਹੈ ਕਿ ਓਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਵੀਂ ਬਾਰ- ਬਾਰ ਅਪੀਲਾਂ ਕਰਨ ਦੇ ਬਾਵਜੂਦ ਗੁਰੂ-ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਕੀਤੀ ਜਾ ਰਹੀ ਲਾਪ੍ਰਵਾਹੀ ਚਿੰਤਾਜਨਕ ਹੈ ਜਿਸ ਕਰਕੇ ਸ਼ਰਾਰਤੀ ਤੱਤਾਂ ਦੇ ਹੋਂਸਲੇ ਬੁਲੰਦ ਹੁੰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਮਨੁੱਖ ਮਾਤਰ ਲਈ ਮਾਰਗ ਦਰਸ਼ਨ ਕਰਦੀ ਹੈ ਅਤੇ ਇਹ ਸਮੁੱਚੀ ਮਨੁੱਖਤਾ ਲਈ ਸਾਂਝਾ ਉਪਦੇਸ਼ ਹੈ ਪਰ ਕੁਝ ਸ਼ਰਾਰਤੀ ਅਤੇ ਮਾਨਸਿਕ ਤੌਰ 'ਤੇ ਬਿਮਾਰ ਲੋਕ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਗਾਉਣਾ ਚਾਹੁੰਦੇ ਹਨ। ਭਾਵੇਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਪਾਵਨ ਬਾਣੀ ਦੀ ਬੇਅਦਬੀ ਹੋਵੇ ਜਾਂ ਕਿਸੇ ਅਣਸੁਖਾਵੀਂ ਘਟਨਾ ਕਾਰਨ ਨੁਕਸਾਨ ਹੋਇਆ ਹੋਵੇ, ਇਸ ਸਭ ਲਈ ਗੁਰੂ-ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀਆਂ। ਅਸੀਂ ਆਪਣੇ ਘਰਾਂ ਅੰਦਰ ਤਾਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕਰਦੇ ਹਾਂ ਅਤੇ ਸੁਰੱਖਿਆ ਦੇ ਨਾਲ-ਨਾਲ ਬਿਜਲੀ ਪ੍ਰਬੰਧਾਂ ਲਈ ਵੀ ਸੁਚੇਤ ਰਹਿੰਦੇ ਹਾਂ, ਪਰ ਦੂਸਰੇ ਪਾਸੇ ਗੁਰੂ-ਘਰਾਂ ਪ੍ਰਤੀ ਸਾਡੀ ਅਣਗਹਿਲੀ ਅਜਿਹੀਆਂ ਘਟਨਾਵਾਂ ਦਾ ਕਾਰਨ ਬਣ ਰਹੀ ਹੈ। ਸਾਨੂੰ ਚੇਤੰਨ ਹੋਣਾ ਪਵੇਗਾ ਅਤੇ ਆਪੋ-ਆਪਣੇ ਪਿੰਡਾਂ ਸ਼ਹਿਰਾਂ ਦੇ ਗੁਰੂ-ਘਰਾਂ ਦੀ ਪਹਿਰੇਦਾਰੀ ਨੂੰ ਲਾਜ਼ਮੀ ਬਣਾਉਣਾ ਪਵੇਗਾ। ਇਸ ਦੇ ਲਈ ਸਾਡੀਆਂ ਸਮੂਹ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਸੰਤ ਸਮਾਜ਼, ਦਿੱਲੀ ਗੁਰਦੁਆਰਾ ਕਮੇਟੀ ਦੇ ਨਾਲ ਸਿੱਖ ਪ੍ਰਚਾਰਕਾਂ ਨੂੰ ਇਸ ਸਬੰਧ ਵਿਚ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦੀ ਸਖ਼ਤ ਲੋੜ ਹੈ ।