ਚੰਡੀਗੜ੍ਹ -ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ. ਆਰ. ਅੰਬੇਡਕਰ ਖਿਲਾਫ਼ ਅਪਸ਼ਬਦ ਕਹੇ ਗਏ ਜਿਸ ਨਾਲ ਦੇਸ਼ ਦੇ ਜਮਹੂਰੀਅਤ ਪਸੰਦ ਨਾਗਰਿਕਾਂ ਨੂੰ ਗਹਿਰਾ ਸਦਮਾ ਲਗਿਆ ਹੈ। ਆਮ ਲੋਕਾਂ ਵਿਚ ਭਾਰਤ ਸਰਕਾਰ ਅਤੇ ਅਮਿਤ ਸ਼ਾਹ ਦੇ ਡਾਕਟਰ ਅੰਬੇਦਕਰ ਪ੍ਰਤੀ ਗੈਰ-ਜਿੰਮੇਵਾਰਾਨਾ ਰਵਈਏ ਖਿਲਾਫ਼ ਭਾਰੀ ਰੋਸ ਹੈ। ਦੇਸ਼ ਸਾਰਿਆਂ ਦਾ ਸਾਂਝਾ ਹੈ ਕਿਸੇ ਇਕ ਤਬਕੇ ਦਾ ਹੀ ਨਹੀਂ। ਦੇਸ਼ ਦੇ ਵਿਦਵਾਨਾਂ ਅਤੇ ਮਾਨਵਤਾ ਪ੍ਰਤੀ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਰਬਸਾਝੇ ਮਹਾਨ ਵਿਅਕਤੀਆਂ ਦਾ ਸਤਿਕਾਰ ਕਰਨਾ ਹਰ ਆਮ ਤੇ ਖਾਸ ਦਾ ਫਰਜ਼ ਬਣਦਾ ਹੈ। ਜਦੋਂ ਕੋਈ ਇਨਸਾਨ ਉੱਚ ਸਿੱਖਿਅਤ ਅਤੇ ਉੱਚ ਅਹੁਦੇ ਉਤੇ ਬਿਰਾਜਮਾਨ ਹੋਵੇ ਤਾਂ ਉਸ ਦੀ ਜਨਤਾ ਅਤੇ ਦੇਸ਼ ਪ੍ਰਤੀ ਜਿੰਮੇਵਾਰੀ ਵੀ ਵਧ ਜਾਂਦੀ ਹੈ। ਦੇਸ਼ ਦੇ ਰਾਜ ਨੇਤਾ ਦੇਸ਼ ਦੇ ਲੋਕਾਂ ਪ੍ਰਤੀ ਹਰ ਤਰਫੋਂ ਜਵਾਬ ਦੇਹ ਹਨ ਤੇ ਉਨ੍ਹਾਂ ਦਾ ਆਚਰਣ ਵੀ ਲੋਕਾਂ ਲਈ ਪ੍ਰੇਰਨਾ ਦੇਣ ਵਾਲਾ ਹੋਣਾ ਚਾਹੀਦਾ ਹੈ ਪਰ ਮੰਦਭਾਗੀ ਗਲ ਇਹ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਬੀ. ਆਰ. ਅੰਬੇਡਕਰ ਖਿਲਾਫ਼ ਅਪਸ਼ਬਦ ਕਹੇ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਚੁੱਪੀ ਧਰੀਂ ਬੈਠਾ ਹੈ ਜੋ ਮੰਦਭਾਗਾ ਅਤੇ ਨਿੰਦਣਯੋਗ ਕਾਰਜ ਹੈ। ਉਪਰੋਕਤ ਵਿਚਾਰ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਨੇਤਾ ਸਾਥੀ ਦੇਵੀ ਦਿਆਲ ਸ਼ਰਮਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜ਼ਿਲ੍ਹਾ ਸਕੱਤਰ ਸਾਥੀ ਸ਼ਹਿਨਾਜ਼ ਮੁਹੰਮਦ ਗੋਰਸੀ ਨੇ ਰੋਸ ਪ੍ਰਦਰਸ਼ਨ ਦੌਰਾਨ ਕਹੇ। ਉਨ੍ਹਾਂ ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਫੋਰੀ ਅਸਤੀਫੇ ਦੀ ਮੰਗ ਵੀ ਕੀਤੀ।