“ਜਦੋਂ ਵੀ ਕੋਈ ਵਜੀਰ ਏ ਆਜਮ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿੰਦਾ ਹੈ, ਤਾਂ ਉਸਦਾ ਸੰਸਕਾਰ ਸਰਕਾਰੀ ਸਨਮਾਨ ਨਾਲ ਰਾਜਘਾਟ ਵਿਖੇ ਕੀਤਾ ਜਾਂਦਾ ਹੈ । ਪਰ ਮੋਦੀ ਹਕੂਮਤ ਵੱਲੋ ਡਾ. ਮਨਮੋਹਨ ਸਿੰਘ ਦਾ ਰਾਜਘਾਟ ਵਿਖੇ ਸੰਸਕਾਰ ਨਾ ਕਰਨ ਲਈ ਦੋ ਗਜ ਜਮੀਨ ਨਾ ਦੇਣ ਦੀ ਬਦੌਲਤ ਬਹਾਦਰ ਸ਼ਾਹ ਜਫ਼ਰ ਦੇ ਉਹ ਸ਼ਬਦ ਦਿਨ ਖਤਮ ਹੁਏ ਜਿੰਦਗੀ ਕੀ ਸ਼ਾਮ ਹੋ ਗਈ, ਫੈਲਾ ਕੇ ਪਾਂਵ ਸੋਏਗੇ ਕੁੰਜ-ਏ-ਮਜਾਰ ਮੇ॥ ਕਿਤਨਾ ਹੈ ਬਦਨਸੀਬ ਜਫ਼ਰ ਦਫ਼ਨ ਕੇ ਲੀਏ, ਦੋ ਗ਼ਜ ਜਮੀਨ ਭੀ ਨ ਮਿਲੀ ਕੂ-ਏ-ਯਾਰ ਮੇਂ॥ ਉਸੇ ਤਰ੍ਹਾਂ ਇੰਡੀਆਂ ਦੀ ਬਿਹਤਰੀ ਲਈ ਲੰਮਾਂ ਸਮਾਂ ਉਦਮ ਕਰਨ ਵਾਲੇ ਸਾਬਕਾ ਵਜੀਰ ਏ ਆਜਮ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਸੰਸਕਾਰ ਲਈ ਰਾਜਘਾਟ ਵਿਖੇ ਦੋ ਗਜ ਜਮੀਨ ਨਾ ਦੇਣ ਦੀ ਕਾਰਵਾਈ ਜਿਥੇ ਹੁਕਮਰਾਨਾਂ ਲਈ ਅਤਿ ਸ਼ਰਮਨਾਕ ਹੈ, ਉਥੇ ਸਿੱਖਾਂ ਨਾਲ ਵੱਡੇ ਵਿਤਕਰੇ ਵਾਲੀ ਅਸਹਿ ਕਾਰਵਾਈ ਹੈ । ਇਸੇ ਤਰ੍ਹਾਂ ਹੁਕਮਰਾਨਾਂ ਨੇ ਬੰਗਲਾਦੇਸ਼ ਨੂੰ ਬਣਾਉਣ ਵਾਲੇ ਨਾਇਕ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਦੀਆਂ ਆਰਮੀ ਚੀਫ਼ ਦੇ ਦਫਤਰ ਵਿਖੇ ਲੱਗੀਆ ਫੋਟੋਆਂ ਉਤਾਰਕੇ ਸਿੱਖ ਕੌਮ ਦਾ ਵੱਡਾ ਅਪਮਾਨ ਕੀਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਡੀਆ ਦੀ ਮੋਦੀ ਹਕੂਮਤ ਵੱਲੋ ਡਾ. ਮਨਮੋਹਨ ਸਿੰਘ ਵਜੀਰ ਏ ਆਜਮ ਦੇ ਚਲੇ ਜਾਣ ਉਪਰੰਤ ਵੀ ਉਸਦੀ ਦੇਹ ਨਾਲ ਕੀਤੇ ਦੁਰਵਿਹਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ।