ਅੰਮ੍ਰਿਤਸਰ 6 ਜਨਵਰੀ ਚਰਨਜੀਤ ਸਿੰਘ ਡਿਬਰੂਗੜ ਜੇਲ ਵਿਚ ਨਜਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨਾਲ ਗਲ ਕਰਦਿਆਂ ਐਲਾਨ ਕੀਤਾ ਹੈ ਕਿ ਮਾਘੀ ਦੇ ਦਿਹਾੜੇ ਮੌਕੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਜਥੇਬੰਦੀ ਇਕ ਵਿਸ਼ਾਲ ਇਕਠ ਬੁਲਾ ਕੇ ਨਵੀ ਸਿਆਸੀ ਪਾਰਟੀ ਦਾ ਗਠਨ ਕਰਨ ਜਾ ਰਹੀ ਹੈ। ਉਨਾਂ ਦਸਿਆ ਕਿ ਪਾਰਟੀ ਖੇਤਰੀ ਪਾਰਟੀ ਹੋਵੇਗੀ ਤੇ ਪੰਜਾਬ ਦੀਆਂ ਹੱਕੀ ਮੰਗਾਂ ਮਨਵਾਉਣ ਵਲ ਧਿਆਨ ਦੇਵੇਗੀ। ਉਨਾ ਕਿਹਾ ਕਿ ਪੰਜਾਬ ਦੇ ਹਲਾਤ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪੰਜਾਬ ਦੀਆਂ ਖੇਤਰੀ ਪਾਰਟੀਆਂ ਪੰਜਾਬ ਦੇ ਹੱਕ ਹਕੂਕਾਂ ਲਈ ਡੱਟਣ ਦੀ ਥਾਂ ਇਹਨਾਂ ਨੂੰ ਗਹਿਣੇ ਰੱਖ ਆਪਣੇ ਖਜਾਨੇ ਭਰਦੀਆਂ ਤੇ ਹੋਰ ਆਰਥਿਕ ਫਾਇਦੇ ਲੈਂਦੀਆਂ ਕੇਂਦਰ ਹੱਥੋਂ ਜਲੀਲ ਹੁੰਦੀਆਂ ਆਈਆਂ ਹਨ। ਅੱਜ ਪੰਜਾਬ ਦੇ ਹਲਾਤ ਇਹ ਹਨ ਕਿ ਦੁਕਾਨਦਾਰ ਅਤੇ ਕਾਰੋਬਾਰੀ ਫਿਰੋਤੀਆਂ ਤੋਂ ਤੰਗ ਹਨ, ਕਿਸਾਨ ਧਰਨਿਆਂ ਤੇ ਹਨ, ਨੌਜਵਾਨੀ ਨਸ਼ੇ ਚ ਗੁਲਤਾਨ ਹੈ, ਖੁਦਕੁਸ਼ੀਆਂ ਅਤੇ ਪ੍ਰਵਾਸ ਦਾ ਦੌਰ ਸਿਖਰ ਤੇ ਹੈ। ਇਹੋ ਜਹੇ ਸਮੇਂ ਪੰਜਾਬ ਨੂੰ ਲੋੜ ਹੈ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਲੀਡਰ ਦੀ ਜਰੂਰਤ ਹੈ। ਜਿੰਨਾ ਦੀ ਰਹਿਨੁਮਾਈ ਹੇਠ ਪੰਜਾਬ ਦਾ ਹਰ ਬਸ਼ਿੰਦਾ ਸੁਰੱਖਿਅਤ ਮਹਿਸੂਸ ਕਰਦਾ ਸੀ। ਅਸੀਂ ਖਾਲਸਾ ਵਹੀਰ ਦੇ ਰੂਪ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਕੰਮ ਵੇਖਿਆ ਹੈ। ਜਿਸ ਖਾਲਸਾ ਵਹੀਰ ਨੇ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜ ਗੁਰੂ ਦੇ ਲੜ ਲੱਗਣ ਦੀ ਤਾਕੀਦ ਕੀਤੀ ਸੀ ਅਤੇ ਪੰਜਾਬ ਦੀ ਚੜ੍ਹਦੀਕਲਾ ਵਾਲੀ ਤਾਸੀਰ ਨੂੰ ਮੁੜ ਸੁਰਜੀਤ ਕਰਨ ਦਾ ਹੋਕਾ ਦਿੱਤਾ ਸੀ। ਭਾਈ ਅਮ੍ਰਿਤਪਾਲ ਸਿੰਘ ਨੇ ਮਹਿਜ ਛੇ ਮਹੀਨਿਆਂ ਦੌਰਾਨ ਸਿਰਫ ਸਿੱਖਾਂ ਨੂੰ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਨੂੰ ਇਹ ਆਸ ਦਿੱਤੀ ਸੀ ਕਿ ਪੰਜਾਬ ਨੂੰ ਇਸ ਹਨੇਰੀ ਸੁਰੰਗ ਚੋਂ ਕੱਢਿਆ ਜਾ ਸਕਦਾ ਹੈ। ਉਨਾ ਕਿਹਾ ਕਿ ਪੰਥਕ ਸਫਾ ਚ ਚੱਲ ਰਹੀ ਆਪਸੀ ਖਿਚੋਤਾਣ ਵਿੱਚ ਜਿੱਥੇ ਆਏ ਦਿਨ ਪੰਥ ਆਪਸੀ ਬੇ ਵਿਸ਼ਵਾਸੀ ਅਤੇ ਇੱਕ ਦੂਜੇ ਪ੍ਰਤੀ ਵਿਰੋਧ ਦੀ ਭਾਵਨਾ ਵਿੱਚ ਜਾ ਰਿਹਾ ਓਥੇ ਬਾਹਰੀ ਹਮਲਿਆਂ ਤੋਂ ਵੀ ਡਰ ਦਾ ਆਲਮ ਪਸਰਿਆ ਹੋਇਆ। ਬਾਹਰੀ ਤਾਕਤਾਂ ਜਿੰਨਾ ਦਾ ਪੰਜਾਬ ਦੀ ਧਰਤੀ ਅਤੇ ਸਭਿਆਚਾਰ ਨਾਲ ਦੂਰ ਦੂਰ ਦਾ ਵੀ ਵਾਹ ਵਾਸਤਾ ਨਹੀਂ, ਪੰਜਾਬੀਆਂ ਨੂੰ ਅੰਧਵਿਸ਼ਵਾਸ ਅਤੇ ਲਾਲਚ ਦੇ ਨਾਮ ਤੇ ਧਰਮ ਤਬਦੀਲੀ ਅਤੇ ਪੰਜਾਬ ਦੀ ਰਿਵਾਇਤ ਨਾਲੋਂ ਤੋੜ ਰਹੀਆਂ ਹਨ। ਅਰਾਜਕਤਾ ਅਤੇ ਢਹਿੰਦੀਕਲਾ ਦੇ ਇਸ ਦੌਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਇੱਕੋ ਇੱਕ ਲੀਡਰ ਹਨ ਜਿੰਨਾ ਤੇ ਪੰਜਾਬ ਦਾ ਹਰ ਬਸ਼ਿੰਦਾ ਚਾਹੇ ਓ ਕਿਸੇ ਵੀ ਧਰਮ ਦਾ ਹੋਵੇ, ਵਿਸ਼ਵਾਸ ਜਤਾ ਸਕਦਾ ਹੈ।ਉਨਾਂ ਦਸਿਆ ਕਿ ਪਾਰਟੀ ਦਾ ਕੰਮਕਾਜ ਚਲਾਉਣ ਲਈ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਇਹ ਪਾਰਟੀ ਪਰਵਾਰਵਾਦ ਦੀ ਰਾਜਨੀਤੀ ਤੋ ਦੂਰ ਰਹਿ ਕੇ ਪੰਥ ਤੇ ਪੰਜਾਬ ਦੀ ਸੇਵਾ ਕਰੇਗੀ। ਭਾਈ ਤਰਸੇਮ ਸਿੰਘ ਨੇ ਅੱਗੇ ਗੱਲਬਾਤ ਕਰਦਿਆਂ ਸੰਗਤ ਨੂੰ ਬੇਨਤੀ ਕੀਤੀ ਕਿ ਆਓ ਵੱਧ ਚੜ੍ਹਕੇ 14 ਜਨਵਰੀ ਮੁਕਤਸਰ ਸਾਹਿਬ ਮਾਘੀ ਤੇ ਪਹੁੰਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਐਲਾਨ ਹੋਣ ਜਾ ਰਹੀ ਪੰਜਾਬ ਦੀ ਨਵੀਂ ਖੇਤਰੀ ਪਾਰਟੀ ਦਾ ਹਿੱਸਾ ਬਣੀਏ। ਪੰਜਾਬ ਨੂੰ ਮੁੜ ਖੁਸ਼ਾਹਲ, ਨਸ਼ਿਆਂ ਫਿਰੋਤੀਆਂ ਤੋਂ ਮੁਕਤ ਪੰਜਾਬ ਬਣਾਉਣ ਵੱਲ ਪਹਿਲਾ ਪੈਰ ਪੁੱਟੀਏ।ਇਸ ਮੌਕੇ ਤੇ ਸ੍ਰ ਸੁਖਚੈਨ ਸਿੰਘ, ਹਰਭਜਨ ਸਿੰਘ ਤੁੜ, ਸ਼ਮਸ਼ੇਰ ਸਿੰਘ ਪੱਧਰੀ ਆਦਿ ਵੀ ਹਾਜਰ ਸਨ।