ਅੰਮ੍ਰਿਤਸਰ-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ 132 ਸਾਲਾਂ ਪਹਿਲਾਂ ਪੂਰਵਜ੍ਹਾ ਦੁਆਰਾ ਵਿੱਦਿਆ ਦੇ ਪਸਾਰ ਅਤੇ ਸੁਹਿਰਦ ਸਮਾਜ ਸਿਰਜਣ ਲਈ ਵੇਖੇ ਗਏ ਸੁਪਨਿਆਂ ਨੂੰ ਸਕਾਰ ਕਰਨ ਲਈ ਕੀਤੇ ਜਾ ਰਹੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ। ਨਵੀਂ ਸਥਾਪਿਤ ਖ਼ਾਲਸਾ ਯੂਨੀਵਰਸਿਟੀ ਅਧੀਨ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਮੁੱਖ ਮਹਿਮਾਨ ਗੀਤਕਾਰ ਸ: ਨਿਰਵੈਰ ਪਨੂੰ ਵੱਲੋਂ ਵਿੱਦਿਅਕ ਅਦਾਰੇ ’ਚ ਪਹਿਲੇ ਸ਼ੋਅ ਦੌਰਾਨ ਗਾਇਕੀ ਦੀ ਪੇਸ਼ਕਾਰੀ ਕਰਨ ’ਤੇ ਖੁਸ਼ੀ ਅਤੇ ਮਾਣ ਮਹਿਸੂਸ ਕਰਦਿਆਂ ਉਕਤ ਸ਼ਬਦਾਂ ਦਾ ਇਜ਼ਹਾਰ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੀ ਮੌਜ਼ੂਦਗੀ ’ਚ ਕੀਤਾ।
ਸ: ਪਨੂੰ ਜੋ ਕਿ ਪਹਿਲੀ ਵਾਰ ਆਪਣੇ ਫਨ ਦਾ ਮੁਜ਼ਾਹਰਾ ਕਰਨ ਲਈ ਕੈਂਪਸ ਵਿਖੇ ਪੁੱਜੇ ਸਨ, ਨੇ ‘ਅੱਜ ਨਜ਼ਰਾਂ ਮਿਲੀਆਂ ਨੇ, ਤੂੰ ਜਦ ਆਵੇਂ ਜੁਲਫ਼, ਤੇਰੇ ਲਈ, ਬੰਦੂਕ, ਹੀਰ ਆਦਿ ਗੀਤਾਂ ਨਾਲ ਸਰੋਤਿਆਂ ਨੂੰ ਝੂੰਮਣ ਲਗਾ ਦਿੱਤਾ। ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਦਾ ਵਿਦਿਆਰਥੀ ਅਤੇ ਗਾਇਕ ਸ੍ਰੀ ਗੁਰਪ੍ਰੀਤ ਗਿੱਲ ਨੇ ‘ਆਪਾ ਦਿਲਾਂ ’ਚ ਪਿਆਰ ਵਾਲੀ ਰੀਤ ਪਾਵਾਂਗੇ, ਨਾਲੇ ਗੀਤ ਗਾਵਾਂਗੇ… ਜਗ ਬਹਿ ਕੇ ਸੁਣੂਗਾ, ਲਾ ਲਾ ਹੋਗੀ ਗੱਭਰੂ ਦੀ ਤੇਰੇ ਪਿੱਛੇ ਆਦਿ ਗੀਤਾਂ ਨਾਲ ਹਾਜ਼ਰੀਨ ਨੂੰ ਮੰਤਰ ਮੁੰਗਧ ਕੀਤਾ।
ਇਸ ਤੋਂ ਪਹਿਲਾਂ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਵੱਲੋਂ ਸ: ਪਨੂੰ ਦਾ ਕਾਲਜ ਦੇ ਵਿਹੜੇ ’ਚ ਪੁੱਜਣ ’ਤੇ ਫੁਲਕਾਰੀ ਅਤੇ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸ: ਪਨੂੰ ਨੇ ਇਸ ਦੌਰਾਨ ਆਪਣੀ ਗਾਇਕੀ ਦੀ ਸਫ਼ਰ ਗੱਲਬਾਤ ਕਰਦਿਆਂ ਨੌਜਵਾਨਾਂ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੇਕਰ ਉਹ ਆਪਣੇ ਮਿੱਥੇ ਟੀਚੇ ਨੂੰ ਧਾਰ ਕੇ ਯਤਨ ਕਰਦੇ ਰਹਿਣ ਤਾਂ ਇਕ ਨਾ ਇਕ ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮੇਗੀ। ਉਨ੍ਹਾਂ ਖ਼ਾਲਸਾ ਵਿੱਦਿਅਕ ਸੰਸਥਾਵਾਂ ’ਚ ਪੜ੍ਹੇ ਵਿਦਿਆਰਥੀਆਂ ਦੁਆਰਾ ਹਾਸਲ ਕੀਤੇ ਗਏ ਉਚ ਮੁਕਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪੰਜਾਬੀਆਂ ਲਈ ਬਹੁਤ ਫ਼ਖਰ ਦੀ ਗੱਲ ਹੈ।
ਇਸ ਮੌਕੇ ਗਾਇਕ ਗਿੱਲ ਨੇ ਖਾਲਸਾ ਯੂਨੀਵਰਸਿਟੀ ਵੱਲੋਂ ਆਪਣੇ ਕਲਾਕਾਰੀ ਨੂੰ ਸਰੋਤਿਆਂ ਮੂਹਰੇ ਪੇਸ਼ ਕਰਨ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਾਮਵਰ ਅਦਾਕਾਰ ਅਤੇ ਗਾਇਕ ਅਮਰਿੰਦਰ ਗਿੱਲ ਨਾਲ ਇਕ ਦਰਸ਼ਕਾਂ ਦੀ ਕਚਿਹਰੀ ’ਚ ਆਪਣਾ ਗੀਤ ਪੇਸ਼ ਕਰ ਚੁੱਕੇ ਹਨ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਮੌਕੇ ਗਾਇਕ ਵਜ਼ੀਰ ਪਾਤਰ ਨੇ ਆਪਣੇ ਗੀਤਾਂ ਦੇ ਕੁਝ ਅੰਸ਼ ਸਰੋਤਿਆਂ ਅੱਗੇ ਪੇਸ਼ ਕੀਤੇ।