ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਜੋ ਆਲ ਇੰਡੀਆ ਪੰਥਕ ਕਨਵੈਨਸ਼ਨ ਦੇ ਨਾਮ ਤੇ ਇਕੱਠ ਸੱਦਿਆ ਗਿਆ ਹੈ । ਇਹ ਕੋਈ ਪੰਥਕ ਕਨਵੈਨਸ਼ਨ ਨਹੀ ਸਗੋਂ ਸਰਕਾਰੀ ਸ਼ਹਿ ਪ੍ਰਾਪਤ ਉਸ ਟੋਲੇ ਵਲੋਂ ਆਪਣੀ ਤਾਕਤ ਦਿਖਾਉਣ ਦੀ ਅਸਫਲ ਯਤਨ ਹੈ ਜਿਹੜਾ ਬਹੁਤ ਚਿਰ ਤੋਂ ਸਰਕਾਰੀ ਸਰਪ੍ਰਸਤੀ ਨਾਲ ਪੰਥ ਦੀਆਂ ਜੜ੍ਹਾਂ ‘ਚ ਤੇਲ ਦੇਣਾ ਚਾਹੁੰਦਾ ਹੈ ।” ਇਹ ਸ਼ਬਦ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਸ. ਜਸਮੀਤ ਸਿੰਘ ਪੀਤਮਪੁਰਾ ਨੇ ਟਿੱਪਣੀ ਕਰਦਿਆਂ ਕਹੇ । ਪੀਤਮਪੁਰਾ ਨੇ ਕਿਹਾ ਕਿ ਸਾਰੀ ਕੌਮ ਜਾਣਦੀ ਹੈ ਕਿ ਇਹ ਕੌਣ ਲੋਕ ਨੇ ਤੇ ਇਹਨਾਂ ਦਾ ਕੌਮ ਪ੍ਰਤੀ ਕੀ ਯੋਗਦਾਨ ਹੈ । ਜਿਹੜੇ ਲੋਕ ਅੱਜ ਤੱਕ ਨਾ ਬੰਦੀ ਸਿੰਘਾਂ ਦੀ ਰਿਹਾਈ ਲਈ , ਨਾ ਗੁਰਦੁਆਰਾ ਗਿਆਨ ਗੋਦੜੀ ਤੇ ਹੋਰ ਗੁਰਧਾਮਾਂ ਤੇ ਕਬਜ਼ੇ ਲਈ ਤੇ ਨਾ ਕਿਸਾਨੀ ਮਸਲੇ ਦੇ ਹੱਲ ਲਈ ਕਦੇ ਬੋਲੇ ਅੱਜ ਉਹ ਸਰਕਾਰੀ ਸ਼ਹਿ ਤੇ ਇਕੱਠੇ ਹੋ ਕੇ ਕੀ ਕਰਨਾ ਚਾਹੁੰਦੇ ਹਨ । ਇਸ ਕਿਸੇ ਤੋਂ ਲੁਕਿਆ ਛਿਪਿਆ ਨਹੀਂ । ਇਸ ਲਈ ਇਹ ਇਕੱਠ ਕੋਈ ਪੰਥਕ ਕਨਵੈਨਸ਼ਨ ਨਾ ਹੋ ਕੇ ਸਰਕਾਰੀ ਟੋਲੇ ਦਾ ਅਜਿਹਾ ਇਕੱਠ ਹੈ ਜਿਸ ਵਿੱਚ ਪੰਥ ਦੀ ਪਿੱਠ ‘ਚ ਛੁਰਾ ਮਾਰਨ ਵਾਲੇ ਸਾਰੇ ਅਖੌਤੀ ਆਗੂ ਇਕੱਠੇ ਹੋ ਕੇ ਕੌਮ ਨੂੰ ਇਹ ਦੱਸਣਗੇ ਕਿ ਅਸੀ ਸਾਰੇ ਸਰਕਾਰੀ ਹਾਂ ਤੇ ਪੰਥ ਨਾਲ ਸਾਡੀ ਕੋਈ ਸਾਂਝ ਨਹੀ ।