ਨਵੀਂ ਦਿੱਲੀ -ਦਸਤਾਰਧਾਰੀ ਸਿੱਖ ਫੌਜੀਆਂ ਨੇ ਪਹਿਲੀ ਤੇ ਦੂਸਰੀ ਵਿਸ਼ਵ ਜੰਗ ਵਿੱਚ ਲੱਖਾਂ ਯੂਰਪੀਅਨ ਲੋਕਾਂ ਦੇ ਜੀਵਨ ਦੀ ਰੱਖਿਆ ਕੀਤੀ ਤੇ ਦਸਤਾਰ ਨੂੰ ਨਾ ਸਿਰਫ ਅੰਤਰ - ਰਾਸ਼ਟਰੀ ਪੱਧਰ ਤੇ ਪਹਿਚਾਣ ਦਿੱਤੀ ਸਗੋੰ ਮਾਣ ਵੀ ਵਧਾਇਆ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀ ਕਿਹਾ ਕਿ ਅੱਜ ਦੇ ਯੁੱਗ ਵਿੱਚ ਵੀ ਚਾਹੇ ਕਰੋਨਾ ਵਰਗੀ ਮਹਾਂਮਾਰੀ ਹੋਵੇ ਤੇ ਚਾਹੇ ਕਿਸੇ ਦੇਸ਼ ਵਿੱਚ ਕੋਈ ਆਫ਼ਤ ਹੋਵੇ ਦਸਤਾਰਧਾਰੀ ਸਿੱਖਾਂ ਨੇ ਦੁਨੀਆ ਦੇ ਭਲੇ ਲਈ ਲਾਮਿਸਾਲ ਕੰਮ ਕੀਤੇ । ਪਰ ਇਸਤੋਂ ਤ੍ਰਾਸਦੀ ਵਾਲੀ ਗੱਲ ਕੀ ਹੋਵੇਗੀ ਕਿ ਦੁਨੀਆਂ ਵਿੱਚ ਸਭ ਤੋਂ ਵੱਡੀਆਂ ਲੋਕਤੰਤਰੀ ਕਦਰਾਂ ਕੀਮਤਾਂ ਵਾਲਾ ਮੁਲਕ ਅਖਵਾਉਣ ਵਾਲੇ ਅਮਰੀਕੀ ਪ੍ਰਸ਼ਾਸਨ ਵੱਲੋਂ ਅਮਰੀਕਾ ਦੀ ਧਰਤੀ ਤੋਂ ਡਿਪੋਰਟ ਕਰਕੇ ਵਾਪਸ ਭੇਜੇ ਗਈ ਭਾਰਤੀਆਂ ਵਿੱਚ ਸ਼ਾਮਲ ਸਿੱਖਾਂ ਦੀਆਂ ਦਸਤਾਰਾਂ ਉਤਾਰਕੇ ਨੰਗੇ ਸਿਰ ਵਾਪਸ ਭੇਜਣਾ ਸਿੱਖਾਂ ਖ਼ਿਲਾਫ਼ ਇੱਕ ਨਸਲੀ ਅਪਰਾਧ ਵਰਗਾ ਵਰਤਾਰਾ ਹੈ । ਕਿਉਂਕਿ ਦਸਤਾਰ ਸਿੱਖ ਦੇ ਸਰੀਰ ਦੇ ਅੰਗ ਵਾਂਗ ਹੈ । ਇਹ ਹੋਰ ਵੀ ਮੰਦਭਾਗੀ ਗੱਲ ਹੈ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਮਰੀਕਾ ਵਿੱਚ ਮੌਜੂਦ ਹਨ ਪਰ ਉਹਨਾਂ ਵੱਲੋਂ ਇਸ ਬਾਰੇ ਨਾ ਕੋਈ ਟਿੱਪਣੀ ਕੀਤੀ ਗਈ ਬਲਕਿ ਉਹਨਾਂ ਦਾ ਫਰਜ਼ ਸੀ ਕਿ ਉਹ ਦਸਤਾਰ ਦੀ ਮਾਣ ਮਰਿਯਾਦਾ ਬਾਰੇ ਗੱਲ ਕਰਦੇ । ਇਸਤੋਂ ਵੀ ਮੰਦਭਾਗੀ ਗੱਲ ਹੈ ਕਿ ਭਾਰਤ ਦਾ ਵਿਦੇਸ਼ ਵਿਭਾਗ ਇਸ ਬਾਰੇ ਚੁੱਪ ਹੈ ਜਦੋਕਿ ਇਸ ਬਾਰੇ ਆਪਣਾ ਵਿਰੋਧ ਉਸਨੂੰ ਅਮਰੀਕੀ ਪ੍ਰਸ਼ਾਸ਼ਨ ਕੋਲ ਦਰਜ ਕਰਵਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਮੇਰੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ ਸਿੱਖਾਂ ਦੀ ਪਾਰਲੀਮੈਂਟ ਹੋਣ ਦੇ ਨਾਤੇ ਸ਼੍ਰੋਮਣੀ ਕਮੇਟੀ ਅਮਰੀਕੀ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਆਪਣਾ ਵਿਰੋਧ ਦਰਜ ਕਰਵਾਏ ।
ਇਸਦੇ ਨਾਲ ਹੀ ਇਹ ਸਾਡੇ ਸਾਹਮਣੇ ਬਹੁਤ ਵੱਡਾ ਸਬਕ ਹੈ ਕਿ ਸਾਡੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਏਸੇ ਕਰਕੇ ਕਮਜ਼ੋਰ ਕਰਨ ਦੇ ਯਤਨ ਹੋ ਰਹੇ ਹਨ ਤਾਂ ਕਿ ਕੋਈ ਸਿੱਖ ਕੌਮ ਦੀ ਅਵਾਜ਼ ਚੁੱਕਣ ਵਾਲਾ ਨਾ ਰਹੇ ।ਇਸ ਲਈ ਸਾਨੂੰ ਕੌਮੀ ਹਿੱਤਾ ਲਈ ਆਪਣੀ ਨੁਮਾਇੰਦਾ ਸਿਆਸੀ ਧਿਰ ਨੂੰ ਤਕੜਾ ਕਰਨਾ ਚਾਹੀਦਾ ਹੈ ।