ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਵਲੋਂ ਪੰਥਕ ਏਕਤਾ ਦੇ ਨਾਮ ਤੇ ਇਕ ਭਰਵੀਂ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿਚ ਕਿਹਾ ਜਾ ਰਿਹਾ ਕਿ ਪੰਥ ਦੇ ਮੁੱਦਿਆਂ ਤੇ ਵਿਚਾਰ ਚਰਚਾ ਹੋਏਗੀ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੁੱਖ ਸੇਵਾਦਾਰ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਸੰਗਤ ਨੂੰ ਦਸਣ ਕੀ ਜਦੋ ਤੁਹਾਨੂੰ ਕੇਂਦਰ ਸਰਕਾਰ ਨਾਲ ਨੇੜਤਾ ਹੋਣ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਕਮੇਟੀ ਵਿਚ ਨਾਮਜਦ ਕੀਤਾ ਗਿਆ ਸੀ ਓਸ ਮਗਰੋਂ ਇਕ ਵਾਰ ਵੀ ਇਸ ਮਾਮਲੇ ਤੇ ਕਾਨਫਰੰਸ ਕੀਤੀ ਜਾ ਪੰਥ ਨੂੰ ਤੁਹਾਡੇ ਵਲੋਂ ਇਸ ਅਤਿ ਗੰਭੀਰ ਮਾਮਲੇ ਤੇ ਕੀਤੀ ਜਾ ਰਹੀ ਸਰਗਰਮੀ ਬਾਰੇ ਚਾਂਨਣ ਪਾਇਆ ਗਿਆ..? ਇਸ ਤੋਂ ਅਲਾਵਾ ਹੋਰ ਵੀ ਬਹੁਤ ਗੰਭੀਰ ਮੁੱਦੇ ਹਨ ਜਿਨ੍ਹਾਂ ਬਾਰੇ ਤੁਸੀਂ ਕਾਨਫਰੰਸਾ ਕਰਣਾ ਤਾਂ ਦੂਰ ਬੋਲੇ ਤਕ ਨਹੀਂ ਜਿਨ੍ਹਾਂ ਵਿਚ ਤਖ਼ਤ ਸਾਹਿਬਾਨਾਂ 'ਚ ਵੱਧਦੀ ਸਰਕਾਰੀ ਦਖ਼ਲਅੰਦਾਜ਼ੀ, ਇਤਿਹਾਸਿਕ ਗੁਰਧਾਮਾਂ ਨੂੰ ਖੁਰਦ ਬੁਰਦ ਕਰਣ ਦਾ ਮਾਮਲਾ ਇਕ ਵਡੀ ਜੱਥੇਬੰਦੀ ਦੇ ਨੁਮਾਇੰਦੇ ਹੋਣ ਦੇ ਬਾਵਜੂਦ ਪੰਥਕ ਕੱਚਿਹਿਰੀ ਵਿਚ ਨਾ ਚੁੱਕਣਾ, ਕਮੇਟੀ ਅਧੀਨ ਚਲ ਰਹੇ ਸਾਰੇ ਸਕੂਲਾਂ ਉਤੇ ਕਾਨੂੰਨੀ ਸ਼ਿਕੰਜੇ ਕਰਕੇ ਚੜੇ ਹੋਏ ਅਰਬਾਂ ਰੁਪਏ ਦੇ ਕਰਜੇ ਦੇ ਮਾਮਲੇ ਉਪਰ ਪੰਥ ਨਾਲ ਗੰਭੀਰਤਾ ਨਾਲ ਵਿਚਾਰ ਨਾ ਕਰਣਾ ਅਤੇ ਦਿੱਲੀ ਕਮੇਟੀ ਦੇ ਪੰਥਕ ਸਰਮਾਏ ਦੇ ਕੁਰਕ ਹੋਣ ਦੀਆਂ ਖਬਰਾਂ ਨੂੰ ਚਰਚਾਵਾਂ ਵਿਚ ਆਣ ਨਾਲ ਜਿੱਥੇ ਕਮੇਟੀ ਦਾ ਅਕਸ ਖਰਾਬ ਹੋਇਆ ਹੈ ਓਥੇ ਹੀ ਕਮੇਟੀ ਦੇ ਸਕੂਲ ਸਟਾਫ ਦਾ ਭਵਿੱਖ ਵੀ ਅਦਾਲਤਾਂ ਅੰਦਰ ਰੂਲ ਰਿਹਾ ਹੈ । ਇੰਨ੍ਹਾ ਤੋਂ ਅਲਾਵਾ ਹਵਾਈ ਅੱਡੇ ਉਤੇ ਕੰਮ ਕਰਦੇ ਅੰਮ੍ਰਿਤਧਾਰੀ ਸਟਾਫ ਨੂੰ ਕਿਰਪਾਨ ਪਾਉਣ ਤੋਂ ਰੋਕਣਾ, ਪ੍ਰਤਿਯੋਗੀ ਪ੍ਰੀਖਿਆਵਾਂ ਦੌਰਾਨ ਕੜੇ ਕਿਰਪਾਨ ਕਰਕੇ ਰੁਕਾਵਟਾਂ ਖੜੀਆਂ ਕਰਣ ਦੇ ਮਾਮਲੇ ਵਾਰ ਵਾਰ ਪੜਨ ਸੁਣਨ ਨੂੰ ਮਿਲਦੇ ਹਨ ਤੇ ਕਮੇਟੀ ਵਲੋਂ ਦਿੱਤੇ ਜਾਂਦੇ ਸਪਸ਼ਟੀਕਰਨ ਅਤੇ ਇੰਨ੍ਹਾ ਮਾਮਲਿਆਂ ਅੰਦਰ ਕਾਨੂੰਨੀ ਕਾਰਵਾਈ ਵਿਚ ਨਾਕਾਮ ਰਹਿਣ ਕਰਕੇ ਕਮੇਟੀ ਸਿੱਖ ਪੰਥ ਅੰਦਰ ਆਪਣਾ ਆਧਾਰ ਗੁਆ ਚੁਕੀ ਹੈ । ਜ਼ੇਕਰ ਹੁਣ ਤੁਸੀਂ ਲੰਬੀ ਗੂੜੀ ਨੀਂਦ ਤੋਂ ਬਾਅਦ ਜਾਗ ਰਹੇ ਹੋ ਤਾਂ ਉਪਰੋਕਤ ਮੁੱਦਿਆ ਬਾਰੇ ਕੀਤੀ ਜਾ ਰਹੀ ਕਾਨਫਰੰਸ ਵਿਚ ਜਰੂਰ ਗੱਲਬਾਤ ਕਰਣਾ ਨਹੀਂ ਤਾਂ ਇਹ ਮਨਿਆਂ ਜਾਏਗਾ ਕਿ ਸਿਰਫ ਪੰਥਕ ਸਰਮਾਇਆ ਖਰਾਬ ਕਰਣ ਲਈ ਅਤੇ ਫੋਕੀ ਸ਼ੋਹਰਤ ਖੱਟਣ ਵਾਸਤੇ ਕਮੇਟੀ ਜੋ ਕਿ ਪਹਿਲਾਂ ਹੀ ਘਾਟੇ ਅੰਦਰ ਚਲ ਰਹੀ ਹੈ, ਦਾ ਖਰਚਾ ਕਰਵਾਇਆ ਜਾ ਰਿਹਾ ਹੈ ।