ਨੈਸ਼ਨਲ

ਦਿੱਲੀ ਕਮੇਟੀ ਵਲੋਂ ਉਲੀਕੀ ਗਈ ਆਲ ਇੰਡੀਆ ਪੰਥਕ ਕਨਵੈਨਸ਼ਨ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨ ਦਾ ਫੈਸਲਾ ਮੁੱਢੋਂ ਰੱਦ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 19, 2025 07:22 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਆਲ ਇੰਡੀਆ ਪੰਥਕ ਕਨਵੈਨਸ਼ਨ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਮੁੱਢੋਂ ਹੀ ਰੱਦ ਕਰ ਦਿੱਤਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਹੈ ਕਿ ਉਹ ਸਿੱਖ ਧਰਮ ਦੇ ਵਿਸ਼ਵ ਭਰ ਵਿਚ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨ ਜਿਸ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਸਮੇਤ ਸਮੁੱਚੀਆਂ ਸਿੱਖ ਸੰਸਥਾਵਾਂ ਉਹਨਾਂ ਦਾ ਸਾਥ ਦੇਣਗੀਆਂ।
ਅੱਜ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਈ ਆਲ ਇੰਡੀਆ ਪੰਥਕ ਕਨਵੈਨਸ਼ਨ ਵਿਚ ਅੱਜ ਅੱਧਾ ਦਰਜਨ ਦੇ ਕਰੀਬ ਮਤੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ। ਇਹਨਾਂ ਵਿਚ ਪਹਿਲੇ ਮਤੇ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਸੁਣਾਏ ਗਏ ਹੁਕਮਨਾਮੇ ਨੂੰ ਇੰਨ ਬਿਨ ਲਾਗੂ ਕਰਵਾਉਣ ਦੀ ਹਮਾਇਤ ਕੀਤੀ ਗਈ। ਦੂਜੇ ਮਤੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫੈਸਲੇ ਨੂੰ ਮੁੱਢੋਂ ਰੱਦ ਕੀਤਾ ਗਿਆ ਤੇ ਉਹਨਾਂ ਨੂੰ ਵਿਸ਼ਵ ਭਰ ਵਿਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ ਮੁਹਿੰਮ ਜਾਰੀ ਰੱਖਣ ਦੀ ਅਪੀਲ ਕੀਤੀ ਗਈ। ਤੀਜੇ ਮਤੇ ਰਾਹੀਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦਾ ਸਰਨਾ ਭਰਾਵਾਂ ਵੱਲੋਂ ਮਾਣ ਸਨਮਾਨ ਕਰਨ ਦੀ ਨਿਖੇਧੀ ਕੀਤੀ ਗਈ ਤੇ ਪ੍ਰਣ ਲਿਆ ਗਿਆ ਕਿ ਇਸ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੱਕ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਆਪਣਾ ਸੰਘਰਸ਼ ਜਾਰੀ ਰੱਖੇਗੀ। ਚੌਥੇ ਮਤੇ ਰਾਹੀਂ ਇਕੱਠ ਨੇ ਵਿਸ਼ਵ ਪੱਧਰ ’ਤੇ ਸਿੱਖਾਂ ਦੀ ਤਾਲਮੇਲ ਕਮੇਟੀ ਬਣਾਉਣ ਦੀ ਤਜਵੀਜ਼ ਰੱਖੀ ਤਾਂ ਜੋ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਪ੍ਰਬੰਧਕ ਕਮੇਟੀਆਂ ਦੀ ਸ਼ਮੂਲੀਅਤ ਕਰਵਾ ਕੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਵਾਸਤੇ ਸਾਂਝੇ ਉਦਮ ਕੀਤੇ ਜਾਣ। ਇਹ ਵੀ ਕਿਹਾ ਗਿਆ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਵਾਸਤੇ ਵਿਧੀ ਵਿਧਾਨ ਬਣਾਇਆ ਜਾਵੇ। ਇਕ ਹੋਰ ਮਤੇ ਰਾਹੀਂ ਕਨਵੈਨਸ਼ਨ ਵਿਚ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ ਕੇਸਾਂ ਵਿਚ ਚਾਰਜਸ਼ੀਟ ਦਾਇਰ ਕਰਨ ਦਾ ਸਵਾਗਤ ਕੀਤਾ ਗਿਆ ਤੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਇਆ ਜਾਵੇ। ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਵੱਲੋਂ ਜੈਕਾਰਿਆਂ ਨਾਲ ਪਾਸ ਕੀਤੇ ਮਤੇ ਰਾਹੀਂ ਸੰਗਤ ਨੇ ਅਦਾਲਤ ਨੂੰ ਅਪੀਲ ਕੀਤੀ ਕਿ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਸੰਗਤ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਸਿਰਫ 10 ਜਣੇ ਹੀ ਅਕਾਲੀ ਦਲ ਨੂੰ ਡੋਬਣ ’ਤੇ ਲੱਗੇ ਹਨ ਜਿਸ ਵਿਚੋਂ 2 ਦਿੱਲੀ ਦੇ ਹਨ ਤੇ 8 ਪੰਜਾਬ ਦੇ ਹਨ। ਉਹਨਾਂ ਕਿਹਾ ਕਿ ਦਿੱਲੀ ਵਾਲਿਆਂ ਨੇ ਕਾਰ ’ਤੇ ਹਥੋੜਾ ਮਾਰ ਕੇ ਹੁਣ ਉਸ ’ਤੇ ਸਵਾਰੀ ਕਰ ਲਈ ਹੈ। ਉਹਨਾਂ ਕਿਹਾ ਕਿ ਬਾਕੀ ਸਾਰੀ ਕੌਮ ਪੰਥ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ ਪਰ ਇਹ 10 ਜਣੇ ਪੰਥ ਦੇ ਖਿਲਾਫ ਕੰਮ ਕਰ ਰਹੇ ਹਨ। ਇਸ ਕਨਵੈਨਸ਼ਨ ਵਿਚ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅੱਜ ਦੀ ਕਨਵੈਨਸ਼ਨ ਦੀ ਮੇਜ਼ਬਾਨੀ ਕਰਨ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਵਧਾਈ ਦੀ ਪਾਤਰ ਹੈ। ਉਹਨਾਂ ਕਿਹਾ ਕਿ ਅੱਜ ਜਿਹੜੇ ਹਾਲਾਤ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਤਖਤ ਸਾਹਿਬਾਨ ਦੇ ਜੋ ਹਾਲ ਹਨ, ਉਸ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਉਹ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਨੂੰ ਅਪੀਲ ਕਰਦੇ ਹਨ ਕਿ ਇਸ ਮਸਲੇ ਦਾ ਹੱਲ ਉਹਨਾ ਚਿਰ ਨਹੀਂ ਹੋਣਾ ਜਿੰਨਾ ਚਿਰ ਉਹ ਅਕਾਲੀ ਫੂਲਾ ਸਿੰਘ ਦਾ ਰੋਲ ਨਹੀਂ ਨਿਭਾਉਂਦੇ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਖਾਰਜ ਨਹੀਂ ਕਰਦੇ। ਇਸ ਪੰਥਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਕ ਪਰਿਵਾਰ ਨੂੰ ਬਚਾਉਣ ਵਾਸਤੇ ਸਿੱਖ ਸੰਸਥਾਵਾਂ ਦਾ ਘਾਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬ ਵਿਚ ਸਿੱਖੀ ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਹੈ ਤੇ ਜੇਕਰ ਕੋਈ ਵੀ ਇਕ ਪਰਿਵਾਰ ਦੇ ਹੁਕਮ ਤੋਂ ਬਾਹਰ ਜਾਂਦਾ ਹੈ ਤਾਂ ਉਸਨੂੰ ਸਿਆਸੀ ਤੌਰ ’ਤੇ ਖ਼ਤਮ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜਾਂਦੀ। ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਪਰਿਵਾਰ ਦੇ ਰਾਜਕਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਡੇਰਾ ਸਿਰਸਾ ਵਾਲੇ ਨੂੰ ਮੁਆਫੀਆਂ ਦਿੱਤੀਆਂ ਗਈਆਂ ਤੇ ਹੋਰ ਬਜ਼ਰ ਗੁਨਾਹ ਹੋਏ ਪਰ ਇਸ ਪਰਿਵਾਰ ਨੂੰ ਕੋਈ ਫਰਕ ਨਹੀਂ ਪਿਆ। ਉਹਨਾਂ ਕਿਹਾ ਕਿ ਹੁਣ ਸੰਗਤ ਨੇ ਇਸ ਪਰਿਵਾਰ ਦੀ ਅਗਵਾਈ ਵਾਲੇ ਅਕਾਲੀ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਹੈ। ਇਸ ਪੰਥਕ ਕਨਵੈਨਸ਼ਨ ਵਿਚ ਮੰਚ ਦਾ ਸੰਚਾਲਨ ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨੇ ਕੀਤਾ ਸੀ । ਕਾਨਫਰੰਸ ਵਿਚ ਭਾਈ ਜਸਬੀਰ ਸਿੰਘ ਰੋਡੇ, ਗਿਆਨੀ ਹਰਪ੍ਰੀਤ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਸੁੰਦਰ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਕਰਮਜੀਤ ਸਿੰਘ ਜਗਾਧਰੀ ਵਾਲੇ, ਬਾਬਾ ਗੁਰਬਚਨ ਸਿੰਘ, ਮਹੰਤ ਰੇਸ਼ਮ ਸਿੰਘ, ਬਾਬਾ ਬਚਨ ਸਿੰਘ, ਹਰਪਾਲ ਸਿੰਘ ਜੌਹਲ, ਮੋਹਕਮ ਸਿੰਘ ਦਮਦਮੀ ਟਕਸਾਲ, ਸਾਬਕਾ ਐਮ ਪੀ ਤਰਲੋਚਨ ਸਿੰਘ, ਗੁਰਦੀਪ ਸਿੰਘ ਉੱਤਰਾਖੰਡ, ਅਜੈਪਾਲ ਸਿੰਘ ਪ੍ਰਧਾਨ ਸਿੱਖ ਸਮਾਜ ਰਾਜਸਥਾਨ, ਜਸਬੀਰ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਬਾਬਾ ਮੇਜਰ ਸਿੰਘ ਤਰਣਾ ਦਲ, ਰਾਜਿੰਦਰ ਸਿੰਘ ਚੇਨਈ, ਇੰਦਰਬੀਰ ਸਿੰਘ ਸੁਲਤਾਨੀ ਅੰਮ੍ਰਿਤਸਰ, ਤਰਲੋਚਨ ਸਿੰਘ ਗੰਭੀਰ ਮੈਂਬਰ ਘੱਟ ਗਿਣਤੀ ਕਮਿਸ਼ਨ, ਜਗਜੀਤ ਸਿੰਘ ਦਰਦੀ ਟਾਈਮ ਟੀ ਵੀ,


ਪਰਵਿੰਦਰ ਸਿੰਘ ਮੈਂਬਰ, ਬਾਬਾ ਅਰਜਨ ਸਿੰਘ ਆਲਮਪੁਰ, ਅਜੀਤ ਸਿੰਘ ਛਾਬੜਾ, ਗੁਰਬਖਸ਼ ਸਿੰਘ ਤਖਤ ਸ੍ਰੀ ਹਜ਼ੂਰ ਸਾਹਿਬ, ਗੁਰਦੀਪ ਸਿੰਘ ਬਠਿੰਡਾ, ਗੁਰਦੀਪ ਸਿੰਘ ਸੀ ਈ ਓ, ਸੰਤੋਖ ਸਿੰਘ, ਬਾਬਾ ਸਾਹਿਬ ਸਿੰਘ ਗੁਰੂ ਨਾਨਕ ਦਲ, ਮਨਜੀਤ ਸਿੰਘ ਭਾਟੀਆ, ਗੁਰਦੀਪ ਸਿੰਘ ਦੇਹਰਾਦੂਨ, ਬਾਬਾ ਮਾਨ ਸਿੰਘ, ਗੁਰਿੰਦਰ ਸਿੰਘ ਗੋਬਿੰਦ ਬਾਗ, ਨਿਰਮਲ ਪੰਚਾਇਤੀ ਅਖਾੜਾ ਤੋਂ ਬਾਬਾ ਰੇਸ਼ਮ ਸਿੰਘ, ਬਾਬਾ ਅਵਤਾਰ ਸਿੰਘ ਬਿਧੀ ਚੰਦ ਸੰਸਥਾ ਅਤੇ ਬਾਬਾ ਨਾਹਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।

Have something to say? Post your comment

 

ਨੈਸ਼ਨਲ

ਤਖ਼ਤ ਦੀ ਪ੍ਰਭੂਸੱਤਾ, ਸਨਮਾਨ, ਸਰਵਉਚਤਾ ਅਤੇ ਸੰਕਪਲ ਨੂੰ ਢਾਅ ਲਗਾਉਣ ਵਾਲੇ ਬਿਆਨ ਤੇ ਮੁਆਫੀ ਮੰਗਣ ਰਘੂਜੀਤ ਵਿਰਕ

ਜਥੇਦਾਰ ਰਘਬੀਰ ਸਿੰਘ ਜੀ ਸਪੱਸ਼ਟ ਫੈਸਲੇ ਲੈਣ ਦੀ ਬਜਾਏ ਤੁਹਾਡੀ ਚੁੱਪ ਖਤਰਨਾਕ ਹੈ

ਅਜਮੇਰ ਦਰਗਾਹ ਤੇ ਹਿੰਦੂ ਸੈਨਾ ਨੇ ਸ਼ਿਵਰਾਤਰੀ ਮੌਕੇ ਪੂਜਾ ਕਰਨ ਦੀ ਮੰਗੀ ਇਜਾਜ਼ਤ

1984 ਦਿੱਲੀ ਦੰਗੇ: ਸੱਜਣ ਕੁਮਾਰ ਨੂੰ 25 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ, ਪੀੜਤਾਂ ਨੇ ਕਿਹਾ - 'ਸਾਲਾਂ ਬਾਅਦ ਇਨਸਾਫ਼ ਦੀ ਉਮੀਦ'

ਸਾਂਸਦ ਵਿਕਰਮ ਜੀਤ ਸਿੰਘ ਸਾਹਨੀ ਨੇ 10,000 ਨੌਜਵਾਨਾਂ ਨੂੰ ਹੁਨਰ ਅਤੇ ਨੌਕਰੀਆਂ ਪ੍ਰਦਾਨ ਕਰਨ ਦਾ ਅਹਿਦ ਲਿਆ

ਸੱਜਣ ਕੁਮਾਰ ਦੀ ਸਜ਼ਾ ਦਾ ਫ਼ੈਸਲਾ ਮੁੜ ਟਲਿਆ, ਹੁਣ 25 ਫਰਵਰੀ ਨੂੰ ਹੋਵੇਗੀ ਸੁਣਵਾਈ

ਸਿਰਫ਼ ਕੇਜਰੀਵਾਲ ਦਿੰਦੇ ਹਨ ਅਸਲੀ ਗਰੰਟੀ ਭਾਜਪਾ ਦਿੰਦੀ ਹੈ ਜੁਮਲੇ-ਆਮ ਆਦਮੀ ਪਾਰਟੀ

ਦਿੱਲੀ ਦੀ ਜਿੱਤ ਬਲਾਤਕਾਰੀ ਸਿਰਸੇਵਾਲੇ ਸਾਧ ਅਤੇ ਆਸਾਰਾਮ ਵਰਗੇ ਅਪਰਾਧੀਆ ਨੂੰ ਦਿੱਤੀ ਗਈ ਪੈਰੋਲ ਦੀ ਬਦੌਲਤ ਹੋਈ : ਮਾਨ

ਮਨਜਿੰਦਰ ਸਿੰਘ ਸਿਰਸਾ ਦੇ ਮੰਤਰੀ ਬਣਨ ਨਾਲ ਕੌਮੀ ਮਸਲੇ ਹੱਲ ਹੋਣਗੇ: ਜਸਮੇਨ ਸਿੰਘ ਨੋਨੀ

ਦਿੱਲੀ ਨੂੰ 11 ਸਾਲਾਂ ਬਾਅਦ ਮਿਲਿਆ ਸਿੱਖ ਪ੍ਰਤੀਨਿਧ - ਪੰਮਾ