ਨਵੀਂ ਦਿੱਲੀ- ਅੱਜ ਪੰਥਕ ਜਥੇਬੰਦੀ ਸਿੱਖ ਸਦਭਾਵਨਾਂ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਵੱਲੋਂ ਸਾਕਾ ਸ੍ਰੀ ਨਨਕਾਣਾਂ ਸਾਹਿਬ ਜੀ ਦੇ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਪੰਥਕ ਏਕਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸਮੂਹ ਪੰਥਕ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜੇ ਜਾਣ ਤੇ ਅਕਾਲੀ ਦਲ "ਵਾਰਿਸ ਪੰਜਾਬ ਦੇ" ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਪਿਤਾ ਬਾਪੂ ਤਰਸੇਮ ਸਿੰਘ ਜੀ ਦੇ ਨਾਲ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਮੁੱਖ ਕਾਰਜਕਾਰਨੀ ਕਮੇਟੀ ਮੈਂਬਰਾਂ ( ਸ੍ਰੀ ਅੰਮ੍ਰਿਤਸਰ ਸਾਹਿਬ ) ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਸਿੱਖ ਸਦਭਾਵਨਾਂ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਅਤੇ ਬਾਪੂ ਤਰਸੇਮ ਸਿੰਘ ਜੀ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਜੀ ਵੰਨਚਿੜੀ, ਭਾਈ ਪਰਮਜੀਤ ਸਿੰਘ ਜੀ ਜੌਹਲ, ਭਾਈ ਹਰਭਜਨ ਸਿੰਘ ਜੀ ਤੁੜ, ਭਾਈ ਅਮਨਦੀਪ ਸਿੰਘ ਜੀ ਡੱਡੂਆਣਾਂ ਅਬਜ਼ਰਵਰ ਜਿਲਾ ਅੰਮ੍ਰਿਤਸਰ, ਭਾਈ ਭੁਪਿੰਦਰ ਸਿੰਘ ਜੀ ਗੱਦਲੀ, ਭਾਈ ਦਯਾ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ ਪੱਧਰੀ, ਭਾਈ ਪਰਵਿੰਦਰ ਸਿੰਘ ਜੀ, ਭਾਈ ਜਗਨੰਦਨ ਸਿੰਘ ਜੀ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਹਰਜੀਤ ਸਿੰਘ ਜੀ ਤਲਵੰਡੀ ਅਤੇ ਬਹੁਤ ਸਾਰੇ ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਵਰਕਰਾਂ ਅਤੇ ਹੋਰ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਹਾਜਰ ਸਨ। ਸਾਰੇ ਹੀ ਆਗੂਆਂ ਅਤੇ ਸਮਰਥਕਾਂ ਵੱਲੋਂ ਸਾਂਝੇ ਰੂਪ ਵਿੱਚ ਸ੍ਰੀ ਨਨਕਾਣਾਂ ਸਾਹਿਬ ਜੀ ਦੇ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਪੰਥਕ ਏਕਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਜਪੁ ਜੀ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ। ਅਰਦਾਸ ਤੋੰ ਬਾਅਦ ਸਮੁੱਚੀਆਂ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ ਇਕ ਪ੍ਰੈਸ ਵਾਰਤਾ ਵੀ ਕੀਤੀ ਗਈ। ਇਸ ਪ੍ਰੈਸ ਵਾਰਤਾ ਦੌਰਾਨ ਸਿੱਖ ਸਦਭਾਵਨਾਂ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਜੀ ਵਡਾਲਾ ਅਤੇ ਬਾਪੂ ਤਰਸੇਮ ਸਿੰਘ ਜੀ ਨੇ ਸਿੱਖ ਸੰਸਥਾਵਾਂ ਵਿੱਚ ਵਿੱਚ ਆਏ ਨਿਘਾਰ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਮੂਹ ਜਥੇਬੰਦੀਆਂ ਨੂੰ ਨਿੱਜੀ ਵਖਰੇਂਵੇਂ ਭੁਲਾ ਕੇ ਇਕ ਨਿਸ਼ਾਨ ਥੱਲੇ ਇਕੱਠੇ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇਕ ਪਰਿਵਾਰ ਵੱਲੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵਰਤਿਆ ਜਾ ਰਿਹਾ ਹੈ ਇਹ ਬੇਹੱਦ ਹੀ ਮੰਦਭਾਗਾ ਹੈ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸਿੱਖ ਕੌਮ ਨੂੰ ਅਨੇਕਾਂ ਹੀ ਚੁਣੌਤੀਆਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸਰਕਾਰੀ ਜ਼ੁਲਮ ਅਤੇ ਨਿਆਂ ਦੀ ਗੈਰ-ਮੌਜੂਦਗੀ ਨੇ ਹਾਲਾਤ ਨਾਜ਼ੁਕ ਕਰ ਦਿੱਤੇ ਹਨ, ਤਾਂ ਦੂਜੇ ਪਾਸੇ ਕੌਮੀ ਇਕਜੁੱਟਤਾ ਦੀ ਕਮੀਂ ਸਾਡੇ ਵੈਰੀਆਂ ਨੂੰ ਮੌਕਾ ਦੇ ਰਹੀ ਹੈ। ਅਜਿਹੀ ਸਥਿਤੀ 'ਚ ਸਾਨੂੰ ਪੰਥਕ ਅਤੇ ਰਾਜਨੀਤਕ ਹੱਕਾਂ ਦੀ ਰਾਖੀ ਲਈ ਇਕਜੁੱਟ ਹੋਣ ਦੀ ਲੋੜ ਹੈ। ਅਕਾਲੀ ਦਲ "ਵਾਰਿਸ ਪੰਜਾਬ ਦੇ" ਜਥੇਬੰਦੀ ਹਮੇਸ਼ਾ ਸਿੱਖ ਪੰਥ ਦੀ ਏਕਤਾ ਲਈ ਤੱਤਪਰ ਰਹੇਗੀ। ਅਸੀਂ ਪੰਥਕ ਅਸੂਲਾਂ, ਗੁਰਮਤਿ ਮੂਲਾਂ ਅਤੇ ਕੌਮੀਂ ਹਿੱਤਾਂ ਦੀ ਰਾਖੀ ਲਈ ਸੰਕਲਪਬੱਧ ਹਾਂ। ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਕਠੋਰ ਸਜ਼ਾਵਾਂ, ਝੂਠੇ ਕੇਸਾਂ 'ਚ ਫਸਾਏ ਗਏ ਸਿੰਘਾਂ ਦੀ ਰਿਹਾਈ ਅਤੇ ਧਾਰਮਿਕ ਅਤੇ ਰਾਜਨੀਤਕ ਸਵੈ-ਅਧਿਕਾਰ ਦੀ ਪੁਰਜ਼ੋਰ ਮੰਗ ਕਰਦੇ ਹਾਂ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਦੀ ਤਾਕਤ ਇਕਜੁੱਟਤਾ ਵਿੱਚ ਹੈ ਅਤੇ ਸਾਨੂੰ ਇਹ ਕੋਸ਼ਿਸ਼ ਲਗਾਤਾਰ ਜਾਰੀ ਰੱਖਣੀ ਪਵੇਗੀ।