ਠਾਕੁਰ ਦਲੀਪ ਸਿੰਘ ਦੀ ਅਗਵਾਈ ਵਿੱਚ ਨਾਮਧਾਰੀ ਪੰਥ ਦੇ ਮੋਢੀ ਸਤਿਗੁਰੂ ਰਾਮ ਸਿੰਘ ਦੇ ਤਪ ਸਥਾਨ ‘ਤੇ ਸੰਗਤ ਵੱਲੋਂ ਇਸ ਸਾਲ ਵੀ ਹੋਲਾ ਮਹੱਲਾ ਤ੍ਰਿਵੇਣੀ ਸੰਗਮ ਦੇ ਰੂਪ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਤਿਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਵਿਚ ਆਰੰਭ ਕੀਤੀ ਗਈ ਹੋਲੇ-ਮਹੱਲੇ ਦੀ ਪ੍ਰੰਪਰਾ, ਜੋ ਕਿ ਖਾਲਸਾਈ ਸ਼ਾਨੋ-ਸੌਕਤ ਅਤੇ ਬੀਰ-ਰੱਸ ਦਾ ਪ੍ਰਤੀਕ ਹੈ। ਜ਼ਿਕਰਯੋਗ ਹੈ ਕਿ ਇਸ ਸ਼ਾਨੋ ਸ਼ੌਕਤ ਨੂੰ ਜਾਰੀ ਰੱਖਣ ਲਈ ਅੰਗਰੇਜ਼ਾਂ ਦੇ ਸਮੇਂ ਸਤਿਗੁਰੂ ਰਾਮ ਸਿੰਘ ਨੇ ਭੁੱਲੇ ਭਟਕੇ ਸਿੱਖਾਂ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਨੂੰ ਪੁਨਰ ਸੁਰਜੀਤ ਕਰ, ਇਸ ਤਿਉਹਾਰ ਨੂੰ ਭਜਨ ਬੰਦਗੀ, ਕਥਾ-ਕੀਰਤਨ ਅਤੇ ਦੇਸ਼ ਦੀ ਆਜ਼ਾਦੀ ਲਈ ਉਲੀਕੇ ਪ੍ਰੋਗਰਾਮ ਨੂੰ ਪ੍ਰਚਾਰਨ-ਪ੍ਰਸਾਰਣ ਦਾ ਸਾਧਨ ਬਣਾਇਆ। ਆਪ ਜੀ ਨੇ ਅੰਗਰੇਜ਼ਾਂ ਦੀਆਂ ਸਖ਼ਤੀਆਂ ਦੇ ਦੌਰ ਵਿੱਚ ਵੀ ਛੇ ਹੋਲੇ ਮਹੱਲੇ ਕਰਵਾਏ।
ਅੱਜ ਇਸ ਸਮਾਗਮ ਮੌਕੇ ਮੌਜੂਦਾ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਫੁਰਮਾਇਆ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਯੁੱਧ ਅਤੇ ਆਪਣੀ ਸੁਰੱਖਿਆ ਵਾਸਤੇ ਹੋਲੀ ਤੋਂ ਹੋਲਾ ਮਹੱਲਾ ਸ਼ੁਰੂ ਕੀਤਾ ਅਤੇ ਇਸ ਨੂੰ ਪੁਰਸ਼ਤਵ ਅਤੇ ਸ਼ਕਤੀ ਦਾ ਸੂਚਕ ਬਣਾਇਆ। ਉਨ੍ਹਾਂ ਕਿਹਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ ‘ਰਾਜ ਬਿਨਾ ਨਹਿ ਧਰਮ ਚਲੇ ਹੈ’ ਇਸ ਲਈ ਆਪਣੇ ਪੰਥ ਨੂੰ ਬਚਾਉਣ ਅਤੇ ਵਧਾਉਣ ਵਾਸਤੇ ਰਾਜਨੀਤੀ ਵਿਚ ਆਓ ਅਤੇ ਇਹ ਵੀ ਗੱਲ ਧਿਆਨ ਵਿੱਚ ਰੱਖੋ ਕਿ ਰਾਜਨੀਤੀ ਕਦੇ ਪਵਿੱਤਰ ਨਹੀਂ ਹੋ ਸਕਦੀ, ਫਿਰ ਵੀ ਸਿੱਖ ਪੰਥ ਪ੍ਰਫੁੱਲਿਤ ਕਰਨ ਲਈ ਜ਼ਰੂਰੀ ਹੈ। ਉਨ੍ਹਾਂ ਸਤਿਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਇਸਤਰੀ ਦਾ ਸਤਿਕਾਰ ਕਰਨ ਦੀ ਆਗਿਆ ਦਿੱਤੀ।
ਠਾਕੁਰ ਦਲੀਪ ਸਿੰਘ ਨੇ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਨਾਮਧਾਰੀਆਂ ਨੇ ਹਰ ਖੇਤਰ ਵਿੱਚ 50 ਪ੍ਰਤੀਸ਼ਤ ਇਸਤਰੀਆਂ ਦੀ ਭਾਗੀਦਾਰੀ ਬਣਾ ਦਿੱਤੀ ਹੈ ਅਤੇ ਹਰ ਮੇਲੇ ਦਾ ਮੰਚ ਸੰਚਾਲਨ ਵੀ ਇਸਤਰੀਆਂ ਕਰਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਆਪਣੀ ਮਾਂ ਬੋਲੀ ਦੀ ਵਰਤੋਂ ਕਰਨ ਲਈ ਵੀ ਸੰਗਤ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਵਿਦੇਸ਼ੀ ਭਾਸ਼ਾ ਨੂੰ ਮਲੇਛ ਭਾਸ਼ਾ ਕਿਹਾ ਹੈ। ਇਸ ਲਈ ਸਾਰੇ ਪ੍ਰਤੀ ਦਿਨ ਬੋਲ ਚਾਲ ਵਿੱਚ ਮਾਤ ਭਾਸ਼ਾ ਪੰਜਾਬੀ ਦੀ ਵਰਤੋਂ ਜ਼ਰੂਰ ਕਰੋ, ਜਿੱਥੇ ਪੰਜਾਬੀ ਦੇ ਸ਼ਬਦ ਨਾ ਹੋਣ ਉੱਥੇ ਹੋਰ ਭਾਰਤੀ ਭਾਸ਼ਾਵਾਂ ਦੇ ਸ਼ਬਦ ਵਰਤੋ ਪਰ ਵਿਦੇਸ਼ੀ ਭਾਸ਼ਾਵਾਂ ਅੰਗਰੇਜ਼ੀ, ਉਰਦੂ, ਫ਼ਾਰਸੀ ਤੋਂ ਬਚੋ।
ਇਸ ਹੋਲੇ ਮੇਲੇ ਦੇ ਸਮਾਗਮ ਵਿਚ ਕੁਝ ਖਾਸ ਅਤੇ ਨਵੇਕਲਾ ਰੂਪ ਹੀ ਵੇਖਣ ਨੂੰ ਮਿਲਿਆ, ਜਿੱਥੇ ਸੇਵਾ-ਸਿਮਰਨ, ਕਥਾ-ਕੀਰਤਨ, ਕਵੀ ਦਰਬਾਰ, ਗਤਕਾ ਪ੍ਰਦਰਸ਼ਨ ਅਤੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਲਗਾਤਾਰ ਦੋ ਦਿਨ ਤੱਕ ਚਲਦਾ ਰਹਿੰਦਾ ਹੈ। ਵਰਤਮਾਨ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੁਆਰਾ ਰਚਿਤ ਬਹੁਤ ਹੀ ਮਹੱਤਵਪੂਰਨ ਈ. ਪੁਸਤਕ ‘ਕਹਿ ਕਬੀਰ ਮੋਹਿ ਬਿਆਹੇ ਚਲੇ ਹੈਂ’ ਦਾ ਵਿਮੋਚਨ ਕੀਤਾ ਗਿਆ। ਸਮਾਗਮ ਦੌਰਾਨ ਨਾਮਧਾਰੀ ਅੰਮ੍ਰਿਤਧਾਰੀ ਲੜਕੀਆਂ ਨੇ ਹੀ ਗੁਰਬਾਣੀ ਦੇ ਪਾਠਾਂ ਦੇ ਭੋਗ ਅਤੇ ਅਨੰਦ ਕਾਰਜ ਆਦਿ ਦੀਆਂ ਰਸਮਾਂ ਨਿਭਾਈਆਂ। ਜਥੇਦਾਰਾਂ ਅਤੇ ਕਵੀਸ਼ਰਾਂ ਵੱਲੋਂ ਦੀਵਾਨ, ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਅਤੇ ਨਾਮ ਸਿਮਰਨ ਹੋਇਆ। ਇਸ ਸਮਾਗਮ ਸਮੇਂ ਨਾਮਧਾਰੀ ਪ੍ਰਬੰਧਕ ਕਮੇਟੀ ਚੁਗਾਵਾਂ, ਨਾਮਧਾਰੀ ਪੰਥ ਦੇ ਸੂਬੇ ਸਾਹਿਬਾਨ, ਪਤਵੰਤੇ ਸੱਜਣ ਅਤੇ ਸੰਗਤ ਹਾਜਰ ਸੀ।