ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲ ’ਤੇ ਪੰਥਕ ਜਥੇਬੰਦੀਆਂ ਤੇ ਅਦਾਰਿਆਂ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਨੂੰ ਲੈ ਕੇ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਬਕਾ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਰਿਮੰਦਿਰ ਸਾਹਿਬ ਪਟਨਾ ਸਾਹਿਬ ਪ੍ਰਬੰਧਕ ਕਮੇਟੀ, ਲਖਨਊ ਪ੍ਰਤੀਨਿਧੀ ਬੋਰਡ, ਗੁਰੂ ਕਾ ਤਾਲ ਆਗਰਾ, ਦੁਪੜੀ ਸਾਹਿਬ ਆਸਾਮ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਸਮੇਤ ਹੋਰ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ ਇਸ ਮੀਟਿੰਗ ਵਿਚ ਸ਼ਾਮਲ ਹੋਏ ਜਿਹਨਾਂ ਨੇ ਨਵੰਬਰ ਮਹੀਨੇ ਵਿਚ ਆ ਰਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ’ਤੇ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿਚ ਜੋ ਵੀ ਸੁਝਾਅ ਆਏ ਹਨ, ਉਹ ਨੋਟ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਜਲਦ ਹੀ ਅਗਲੀ ਮੀਟਿੰਗ ਸੱਦੀ ਜਾਵੇਗੀ ਜਿਸ ਵਿਚ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਰੇਖਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਮੁੱਚੀ ਕੌਮ ਗੁਰੂ ਸਾਹਿਬ ਨਾਲ ਸਬੰਧਤ ਅਹਿਮ ਦਿਹਾੜੇ ਨੂੰ ਬਹੁਤ ਹੀ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਸਾਹਿਬ ਦਾ ਇਤਿਹਾਸਕ ਦਿਹਾੜਾ ਮਨਾਉਣ ਵਾਸਤੇ ਸ਼੍ਰੋਮਣੀ ਕਮੇਟੀ ਵਲੋ ਦਿੱਲੀ ਗੁਰਦੁਆਰਾ ਕਮੇਟੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਮੀਟਿੰਗ ਵਿੱਚ ਇਹ ਸੁਝਾਅ ਵੀ ਆਇਆ ਕਿ ਇਸ ਦਿਹਾੜੇ ਨੂੰ ਸਮਰਪਿਤ 9 ਵੱਡੇ ਇਤਿਹਾਸਕ ਨਗਰ ਕੀਰਤਨ ਵੀ ਸਜਾਏ ਜਾਣ। ਮੀਟਿੰਗ ਵਿਚ ਇਹ ਵੀ ਸੁਝਾਅ ਦਿੱਤੇ ਗਏ ਕਿ ਇਹ ਪ੍ਰੋਗਰਾਮ ਮਨਾਉਣ ਲਈ ਕੇਂਦਰ ਤੇ ਰਾਜ ਸਰਕਾਰਾਂ ਦੀ ਮਦਦ ਵੀ ਲਈ ਜਾਵੇ। ਇਸਦੇ ਨਾਲ ਹੀ ਇਹ ਸੁਝਾਅ ਵੀ ਆਏ ਕਿ ਕਿਉਂਕਿ ਨੌਜਵਾਨ ਪੀੜੀ ਨਵੇਂ ਸੋਸ਼ਲ ਮੀਡੀਆ ਪਲੈਟਫੋਰਮ ਵਰਤਦੇ ਹਨ, ਇਸ ਲਈ ਸਿੱਖ ਇਤਿਹਾਸ ਬਾਰੇ ਪੋਸਟਾਂ ਇਹਨਾਂ ਪਲੈਟਫਾਰਮਾਂ ’ਤੇ ਪਾਈਆਂ ਜਾਣ। ਪ੍ਰੋ. ਮਨਜੀਤ ਸਿੰਘ ਨੇ ਪੇਸ਼ਕਸ਼ ਕੀਤੀ ਕਿ ਉਹਨਾਂ ਨੂੰ 350 ਵਿਦਿਆਰਥੀ ਦਿੱਤੇ ਜਾਣ ਜਿਹਨਾਂ ਨੂੰ ਉਹ ਆਪਣੇ ਸਿੱਖਲਾਈ ਕੇਂਦਰ ਵਿਚ ਸਿੱਖਲਾਈ ਦੇਣਗੇ। ਇਸ ਮੌਕੇ ਇਹ ਵੀ ਮੰਗ ਉਠੀ ਕਿ ਸ਼ਹੀਦੀ ਦਿਹਾੜੇ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰਨ ਲਈ ਮੰਗ ਕੀਤੀ ਜਾਵੇ।