ਤਲਵੰਡੀ ਸਾਬੋ- ਖਾਲਸਾ ਸਾਜਨਾ ਦਿਵਸ (ਵੈਸਾਖੀ) ਤੇ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਇਤਿਹਾਸਕ ਦਿਹਾੜਾ, ਸਿੱਖ ਕੌਮ ਦੀ ਵਿਲੱਖਣ ਹਸਤੀ ਦਾ ਪ੍ਰਤੀਕ ਹੈ। ਸਮੁੱਚੇ ਸੰਸਾਰ ਦੀਆਂ ਕੌਮਾਂ ਦੇ ਇਤਿਹਾਸ ਵਿੱਚ ‘ਪ੍ਰਮਾਤਮ ਕੀ ਮੌਜ’ ਵਿੱਚੋਂ ਪ੍ਰਗਟਿਆ ਖਾਲਸਾ ਗੁਰੂ ਨਾਨਕ ਪਾਤਸ਼ਾਹ ਦਾ ਨਿਰਮਲ ਤੇ ਨਿਆਰਾ ਪੰਥ ਹੈ। ਉਨ੍ਹਾਂ ਕਿਹਾ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰ ਕੇ ਖੁਦ ਉਸ ਅੱਗੇ ਆਪਣਾ ਸੀਸ ਝੁਕਾਉਂਦਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੀ ਜਾਚਨਾ ਕੀਤੀ। ਖਾਲਸਾ ਸਿਰਜਣਾ ਨਾਲ ਮਨੁੱਖਤਾ ਅੰਦਰ ਜਬਰ, ਜ਼ੁਲਮ ਤੇ ਅਨਿਆਂ ਦੇ ਖਿਲਾਫ ਡਟਣ ਅਤੇ ਹੱਕ, ਸੱਚ ਅਤੇ ਮਨੁੱਖਤਾ ਦੇ ਭਲੇ ਲਈ ਮਰ-ਮਿਟਣ ਦੀ ਸ਼ਕਤੀ ਪੈਦਾ ਹੋਈ।
ਉਨ੍ਹਾਂ ਕਿਹਾ ਅੱਜ ਖਾਲਸਾ-ਪੰਥ ਦੇ ਬੋਲਬਾਲੇ ਅਤੇ ਸਰਬੱਤ ਦੇ ਭਲੇ ਦੀ ਸੋਚ ਦੇ ਕੁੱਲ ਦੁਨੀਆਂ `ਚ ਪਾਸਾਰ ਲਈ ਗੁਰੂ ਪਾਤਸ਼ਾਹ ਦੁਆਰਾ ਬਖਸ਼ਿਸ਼ ਕੀਤੀ ਜੀਵਨ-ਜਾਚ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਬਨਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਸੰਸਾਰ ਅੰਦਰ ਕੋਈ ਐਸਾ ਪੰਥ ਨਹੀਂ ਹੈ, ਜਿਸ ਦੇ ਸਿਰਜਨਾ ਹੋਣ ਦਾ ਦਿਨ ਨੀਯਤ ਹੋਵੇ। ਖਾਲਸਾ ਪੰਥ ਹੀ ਸੰਸਾਰ ਵਿੱਚ ਅਜਿਹਾ ਹੈ ਜਿਸ ਦਾ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਹੋਇਆ। ਖੰਡੇ ਦੀ ਪਾਹੁਲ `ਅੰਮ੍ਰਿਤ` ਛਕਾਣ ਉਪਰੰਤ ਸਤਿਗੁਰਾਂ ਖ਼ਾਲਸੇ ਨੂੰ ਪੰਜ ਕਕਾਰੀ ਰਹਿਤ ਤੇ ਸਿੱਖੀ ਦੀ ਨਿਸ਼ਾਨੀ ਬਖਸ਼ਿਸ਼ ਕੀਤੀ। ਖ਼ਾਲਸਾ ਪੰਥ ਨੂੰ ਚਾਰ ਬਜਰ-ਕੁਰਹਿਤਾਂ ਦਾ ਤਿਆਗੀ ਬਣਨ ਦੀ ਤਾਕੀਦ ਕੀਤੀ ਤੇ ਹੁਕਮ ਕੀਤਾ, ਜੋ ਸਿੰਘ, ਸਿੱਖੀ ਰਹਿਤ ਰਹਿਣੀ ਵਿੱਚ ਪਰਪੱਕ ਹੋ ਨਾਮ ਦੀ ਕਮਾਈ ਕਰ, ਭਰਮ-ਭੇਖ ਤੋਂ ਨਿਆਰਾ ਰਹੇਗਾ, ਮੈਂ ਉਸ ਨੂੰ ਆਪਣਾ ਪੂਰਾ ਬਲ ਪ੍ਰਦਾਨ ਕਰਾਂਗਾ। ਉਨ੍ਹਾਂ ਕਿਹਾ ਗੁਰੂ ਸਾਹਿਬਾਂ ਦਾ ਬਚਨ ਜਬ ਲਗ ਖਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨ ਕਰੋ ਇਨ ਕੀ ਪ੍ਰਤੀਤ॥
ਉਨ੍ਹਾਂ ਕਿਹਾ ਇਹ ਅਟੱਲ ਸਚਾਈ ਤ੍ਰੈ-ਕਾਲ ਸੱਤ ਹੈ। ਕਲਗੀਧਰ ਪਾਤਸ਼ਾਹ ਜੀ ਨੇ ਜੋ ਪਰਉਪਕਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੀਤੇ ਹਨ, ਉਨ੍ਹਾਂ ਦਾ ਰਿਣ ਭਾਰਤ ਭੂਮੀ ਤੇ ਭਾਰਤ ਦੀ ਪਰਜਾ ਕਦੇ ਵੀ ਚੁਕਾ ਨਹੀਂ ਸਕਦੀ। ਉਨ੍ਹਾਂ ਕਿਹਾ ਖਾਲਸਾ ਸਿਰਜਣਾ ਦਿਵਸ ਮੌਕੇ ਮੈਂ ਸਿੱਖ ਪੰਥ ਦੀ ਸਿਰਮੌਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦਾ ਮੁਖੀ ਹੁੰਦਿਆਂ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਗੁਰੂ ਬਖਸ਼ਿਸ਼ ਖੰਡੇ-ਬਾਟੇ ਦਾ ਅੰਮ੍ਰਿਤ ਛਕੀਏ ਅਤੇ ਬਾਣੀ-ਬਾਣੇ ਵਿਚ ਪਰਪੱਕ ਹੋਈਏ।