ਅੰਮ੍ਰਿਤਸਰ-ਖ਼ਾਲਸਾ ਕਾਲਜ ਦੇ ਧਾਰਮਿਕ ਅਧਿਐਨ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ‘ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮਿਆਂ ਦੇ ਬਹੁ-ਪੱਖੀ ਦਰਸ਼ਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਉਕਤ ਲੈਕਚਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਸਾਬਕਾ ਪ੍ਰੋਫੈਸਰ ਅਤੇ ਫ਼ਾਊਂਡਰ ਡਾਇਰੈਕਟਰ ਡਾ. ਬਲਵੰਤ ਸਿੰਘ ਢਿੱਲੋਂ ਨੇ ਗੁਰੂ ਸਾਹਿਬ ਜੀ ਦੇ ਜੀਵਨ, ਦਰਸ਼ਨ ਅਤੇ ਵਿਰਾਸਤ ’ਤੇ ਚਾਨਣਾ ਪਾਉਂਦਿਆਂ ਗੁਰੂ ਸਾਹਿਬ ਜੀ ਦੇ ਹੁਕਮਨਾਮਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਪ੍ਰਾਪਤ ਕਰਨ ਸਮੇਂ ਸਿੱਖ ਪੰਥ ਕਈ ਤਰ੍ਹਾਂ ਦੀਆਂ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਨਾਲ ਜੂਝ ਰਿਹਾ ਸੀ ਜਿੱਥੇ ਇਕ ਪਾਸੇ ਮੀਣੇ, ਧੀਰਮੱਲੀਏ, ਰਾਮਰਾਈਏ ਤੇ ਕੁਝ ਮਸੰਦ ਆਦਿ ਗੁਰਿਆਈ ਸਬੰਧੀ ਅਤੇ ਸਿਧਾਂਤਕ ਦੁਬਿਧਾ ਪੈਦਾ ਕਰਕੇ ਸਿੱਖ ਪੰਥ ਦੇ ਖ਼ਾਲਸ ਰੂਪ ਢਾਹ ਲਾਉਣ ਲਈ ਯਤਨਸ਼ੀਲ ਸਨ, ਉੱਥੇ ਹੀ ਤੱਤਕਾਲੀ ਮੁਗ਼ਲ ਹਾਕਮ ਔਰੰਗਜ਼ੇਬ ਦੇ ਤੁਅੱਸਬੀ ਸੁਭਾਅ ਅਤੇ ਗ਼ੈਰ-ਮੁਸਲਿਮ ਧਰਮਾਂ ਵਿਰੁੱਧ ਕੱਟੜ ਰਵੱਈਏ ਦਾ ਅਸਰ ਸਿੱਖ ਧਰਮ ’ਤੇ ਵੀ ਪੈ ਰਿਹਾ ਸੀ।
ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਮੁੱਢਲੇ ਹੁਕਮਨਾਮਿਆਂ ’ਚੋਂ ਜਿੱਥੇ ਸਾਨੂੰ ਇਨ੍ਹਾਂ ਸਭ ਚੁਣੌਤੀਆਂ ਬਾਰੇ ਪਤਾ ਚੱਲਦਾ ਹੈ ੳੇੁੱਥੇ ਹੀ ਗੁਰੂ ਘਰ ਦੇ ਨਿਕਟਵਰਤੀ ਗੁਰਸਿੱਖਾਂ ਦੀਆਂ ਸੇਵਾਵਾਂ ਤੇ ਉਨ੍ਹਾਂ ਦੇ ਰੁਤਬੇ-ਸਤਿਕਾਰ ਆਦਿ ਬਾਰੇ ਵੀ ਪਤਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਨਾਮਿਆਂ ਤੋਂ ਸਾਨੂੰ ਗੁਰੂ ਸਾਹਿਬ ਜੀ ਦੇ ਗੁਰਿਆਈ, ਪ੍ਰਾਚਾਰ ਫੇਰੀਆਂ, ਗੁਰੂ ਜੀ ਦੇ ਪਰਿਵਾਰ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼, ਵੱਖ-ਵੱਖ ਇਲਾਕਿਆਂ ਦੀਆਂ ਸਿੱਖ ਸੰਗਤਾਂ ਤੇ ਗੁਰਸਿੱਖਾਂ ਤੇ ਉਨ੍ਹਾਂ ਨੂੰ ਕੀਤੀਆਂ ਜਾਂਦੀਆਂ ਫ਼ੁਰਮਾਇਸ਼ਾਂ ਅਤੇ ਬਖਸ਼ਿਸ਼ਾਂ ਆਦਿ ਸਬੰਧੀ ਵੀ ਪਤਾ ਚੱਲਦਾ ਹੈ। ਇਹ ਹੁਕਮਨਾਮੇ ਪੰਜਾਬੀ ਭਾਸ਼ਾ ਦੇ ਪੁਰਾਤਨ ਵਾਰਤਕ ਰੂਪ ਅਤੇ ਗੁਰਮੁਖੀ ਲਿੱਪੀ ਦੀ ਅੱਖ਼ਰਕਾਰੀ (ਕਰਸਿਵ ਰਾਈਟਿੰਗ) ਦਾ ਇਤਿਹਾਸਕ ਤੇ ਪ੍ਰਮਾਣੀਕ ਦਸਤਾਵੇਜ਼ ਹਨ। ਇਹ ਹੁਕਮਨਾਮੇ ਸਿੱਖ ਧਰਮ ਦੇ ਸਿਧਾਤਾਂ ਅਤੇ ਸਿੱਖਿਆਂਵਾਂ ਦੇ ਨਾਲ-ਨਾਲ ਅਨਮੋਲ ਮੁੱਢਲੇ ਇਤਿਹਾਸਕ ਸਰੋਤ ਹਨ।
ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰੂ ਜੀ ਦਾ ਜੀਵਨ ਤੇ ਸਿੱਖਿਆਵਾਂ ਸਾਡੇ ਲਈ ਅਦਰਸ਼ਕ ਤੌਰ ’ਤੇ ਮਾਰਗ ਦਰਸ਼ਨ ਕਰਦੇ ਹਨ ਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਆਪਸੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਹੁਕਮਨਾਮੇ ਸਿੱਖ ਸਰੋਤਾਂ ’ਚ ਵਿਲੱਖਣ ਸਥਾਨ ਰੱਖਦੇ ਹਨ ਸਾਨੂੰ ਇਨ੍ਹਾਂ ਤੋਂ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ।
ਇਸ ਮੌਕੇ ਸਿੱਖ ਇਤਿਹਾਸ ਮਾਹਿਰ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੀ ਉਚੇਚੇ ਤੌਰ ’ਤੇ ਸ਼ਾਮਿਲ ਸਨ। ਇਸ ਮੌਕੇ ਡਾ. ਹਰਦੇਵ ਸਿੰਘ, ਡਾ. ਰਣਦੀਪ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਪਵਨਪ੍ਰੀਤ ਕੌਰ, ਡਾ. ਸੁਖਪਾਲ ਸਿੰਘ ਆਦਿ ਤੋਂ ਇਲਾਵਾ ਗੁਰਮਤਿ ਸਟੱਡੀ ਸੈਂਟਰ, ਧਾਰਮਿਕ ਅਧਿਐਨ ਵਿਭਾਗ, ਇਤਿਹਾਸ ਵਿਭਾਗ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਧਾਰਮਿਕ ਅਧਿਐਨ ਵਿਭਾਗ ਦੇ ਡਾ. ਸੁਖਪਾਲ ਸਿੰਘ ਵੱਲੋਂ ਸਮੂੰਹ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।