ਅੰਮ੍ਰਿਤਸਰ- ਮੋਹਕਮ ਸਿੰਘ ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਸਿਿਖਆਵਾਂ ਬਾਰੇ ਜਾਣ ਕੇ ਤੇ ਪੜ੍ਹ ਕੇ ਇਕ ਚੀਨੀ ਨੇ ਸਿੱਖ ਧਰਮ ਧਾਰਨ ਕਰਨ ਦਾ ਫੈਸਲਾ ਲਿਆ ਹੈ।ਇਸ ਸਮੇ ਜੇਸਨ ਨਾਮਕ ਇਹ ਵਿਅਕਤੀ ਅਖੰਡ ਕੀਰਤਨੀ ਜਥੇ ਦੇ ਅੰਮ੍ਰਿਤਸਰ ਵਿਖੇ ਸਥਿਤ ਰੰਗਲੇ ਸਜਣ ਟਰਸਟ ਵਿਚ ਰਹਿ ਕੇ ਗੁਰਮਤਿ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਹੈ। ਇਸ ਪੱਤਰਕਾਰ ਨਾਲ ਗਲ ਕਰਦਿਆਂ ਜੇਸਨ ਨੇ ਦਸਿਆ ਕਿ ਉਹ ਮੂਲ ਰੂਪ ਵਿਚ ਚੀਨ ਦਾ ਰਹਿਣ ਵਾਲਾ ਹੈ ਤੇ ਅੱਜ ਕਲ ਅਮਰੀਕਾ ਵਿਖੇ ਰਹਿੰਦਾ ਹੈ।ਉਥੇ ਹੀ ਉਸ ਨੂੰ ਸਿੱਖ ਧਰਮ, ਸਿੱਖ ਧਰਮ ਦੇ ਉਚੇ ਤੇ ਸੁੱਚੇ ਸਿਧਾਂਤ ਤੇ ਸਿੱਖ ਪ੍ਰਪਰਾਵਾਂ ਬਾਰੇ ਪਤਾ ਲਗਾ। ਜੇਸਨ ਮੁਤਾਬਿਕ ਉਹ ਲਗFਗ ਛੇ ਮਹੀਨੇ ਤੋ ਸਿੱਖ ਧਰਮ ਬਾਰੇ ਵਧ ਤੋ ਵਧ ਜਾਣਕਾਰੀ ਹਾਸਲ ਕਰਨ ਦਾ ਯਤਨ ਕਰ ਰਿਹਾ ਹੈ। ਉਸ ਨੂੰ ਬਾਬੇ ਨਾਨਕ ਦਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੇ ਬੇਹਦ ਪ੍ਰਭਾਵਿਤ ਕੀਤਾ। ਰੰਗਲੇ ਸਜਣ ਟਰਸਟ ਵਿਚ ਰਹਿ ਕੇ ਜੇਸਨ ਨੇ ਗੁਰਮੁਖੀ ਪੜਣੀ ਸਿੱਖੀ ਤੇ ਅੱਜ ਕਲ ਬਿਨਾ ਨਾਗਾ ਉਹ ਨਿਤਨੇਮ ਦਾ ਪਾਠ ਕਰ ਰਿਹਾ ਹੈ। ਉਸ ਨੇ ਦਸਿਆ ਕਿ ਹੁਣ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰਖਦਾ ਹੈ।ਅਖੰਡ ਕੀਰਤਨੀ ਜਥੇ ਦੀ ਹੀ ਚੋਣ ਕਿਉ ਬਾਰੇ ਪੁਛਣ ਤੇ ਜੇਸਨ ਨੇ ਦਸਿਆ ਕਿ ਇਹ ਨਿਰੋਲ ਧਾਰਮਿਕ ਲੋਕ ਹਨ ਜਿੰਨਾ ਦੇ ਪ੍ਰੇਰਣਾਮਈ ਜੀਵਨ ਤੋ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਹ ਲੋਕ ਨਿਰੋਲ ਗੁਰਮਤਿ ਦੇ ਪ੍ਰਚਾਰਕ ਹਨ ਤੇ ਇਹ ਲੋਕ ਵਿਸ਼ਵਾਸ ਪਾਤਰ ਹਨ। ਇਸ ਮੌਕੇ ਤੇ ਜਥੇ ਦੇ ਆਗੂ ਭਾਈ ਮਨਜੀਤ ਸਿੰਘ ਨੇ ਦਸਿਆ ਕਿ ਜੇਸਨ ਹਰ ਰੋਜ਼ ਅੰਮ੍ਰਿਤ ਵੇਲੇ ਹੀ ਆਸਾ ਕੀ ਵਾਰ ਦੇ ਕੀਰਤਨ ਸਮੇ ਦੀਵਾਨ ਵਿਚ ਹਾਜਰੀ ਭਰਦਾ ਹੈ।