ਪੰਜਾਬ

ਪੰਜਾਬ ਦੇ 'ਆਮ ਆਦਮੀ ਕਲੀਨਿਕ' ਮਾਡਲ ਨੂੰ ਵਿਸ਼ਵ ਪੱਧਰ 'ਤੇ ਮਿਲੀ ਪ੍ਰਸ਼ੰਸਾ, ਆਸਟ੍ਰੇਲੀਆਈ ਵਫ਼ਦ ਨੇ ਅਪਣਾਉਣ ਵਿੱਚ ਦਿਖਾਈ ਦਿਲਚਸਪੀ

ਕੌਮੀ ਮਾਰਗ ਬਿਊਰੋ | April 25, 2025 09:13 PM



ਚੰਡੀਗੜ੍ਹ-
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਢਲੀ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕਰਨ ਅਤੇ ਕਾਇਆ-ਕਲਪ ਕਰਨ ਦੀ ਦਿਸ਼ਾ ਵਿੱਚ ਹੋਰ ਬੁਲੰਦੀ ਹਾਸਲ ਕਰਦਿਆਂ ਆਮ ਆਦਮੀ ਕਲੀਨਿਕਾਂ (ਏਏਸੀ) ਨੂੰ ਉਦੋਂ ਵਿਸ਼ਵ ਪੱਧਰ ‘ਤੇ ਮਾਨਤਾ ਹਾਸਲ ਹੋਈ ਜਦੋਂ ਉੱਚ ਪੱਧਰੀ 14 ਮੈਂਬਰੀ ਆਸਟ੍ਰੇਲੀਆਈ ਵਫ਼ਦ ਨੇ ਸੂਬੇ ਦੇ ਮਾਡਲ ਨੂੰ ਅਪਣਾਉਣ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ।

ਮੈਂਬਰ ਆਫ ਪਾਰਲੀਮੈਂਟ (ਐਮਪੀ) ਸਟੇਟ ਆਫ ਵਿਕਟੋਰੀਆ ਡਾਇਲੋਨ ਵਾਈਟ (ਵਫਦ ਦੇ ਆਗੂ) ਅਤੇ ਐਮਪੀ ਸਟੇਟ ਆਫ ਵਿਕਟੋਰੀਆ ਮੈਥਿਊ ਹਿਲਾਕਰੀ ਦੀ ਅਗਵਾਈ ਵਿੱਚ ਵਫ਼ਦ ਨੇ ਅੱਜ ਮੋਹਾਲੀ ਵਿਖੇ ਮੁੱਢਲੀ ਸਿਹਤ ਸੰਭਾਲ ਸਹੂਲਤ- ਆਮ ਆਦਮੀ ਕਲੀਨਿਕ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਸਹੂਲਤ - ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (ਪੀਆਈਐਲਬੀਐਸ) ਦਾ ਦੌਰਾ ਕੀਤਾ।

ਇਸ ਉਪਰੰਤ ਵਫ਼ਦ ਨੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਮੀਟਿੰਗ ਕੀਤੀ ਜਿੱਥੇ ਉਨ੍ਹਾਂ ਨੇ ਸਿਹਤ ਸੰਭਾਲ ਅਤੇ ਖੇਤੀਬਾੜੀ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਮੀਟਿੰਗ ਵਿੱਚ ਪ੍ਰਸ਼ਾਸਨਿਕ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਵਿਸ਼ੇਸ਼ ਸਕੱਤਰ ਖੇਤੀਬਾੜੀ ਬਲਦੀਪ ਕੌਰ ਅਤੇ ਡਾਇਰੈਕਟਰ ਪੀਆਈਐਲਬੀਐਸ ਡਾ. ਵਰਿੰਦਰ ਸਿੰਘ ਵੀ ਹਾਜ਼ਰ ਸਨ।

ਆਸਟ੍ਰੇਲੀਆਈ ਨੁਮਾਇੰਦੇ ਆਮ ਆਦਮੀ ਕਲੀਨਿਕ, ਜੋ ਲੋਕਾਂ ਦੇ ਉਨ੍ਹਾਂ ਦੇ ਘਰਾਂ ਦੇ ਨੇੜੇ 80 ਜ਼ਰੂਰੀ ਦਵਾਈਆਂ ਅਤੇ 38 ਡਾਇਗਨੌਸਟਿਕਸ ਸਮੇਤ ਮੁਫਤ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਦੀ ਪੇਸ਼ਕਸ਼ ਕਰ ਰਹੇ ਹਨ, ਦੇ ਮਾਡਲ ਤੋਂ ਬਹੁਤ ਪ੍ਰਭਾਵਿਤ ਹੋਏ।

ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਫ਼ਦ ਨੇ ਲੋਕਾਂ ਨੂੰ ਸਸਤੀਆਂ, ਪਹੁੰਚਯੋਗ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ, "ਵਫ਼ਦ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਸਵੇਰੇ 11 ਵਜੇ ਤੱਕ, 60 ਤੋਂ ਵੱਧ ਮਰੀਜ਼ ਪਹਿਲਾਂ ਹੀ ਆਮ ਆਦਮੀ ਕਲੀਨਿਕ ਵਿੱਚ ਸੇਵਾਵਾਂ ਪ੍ਰਾਪਤ ਕਰ ਚੁੱਕੇ ਸਨ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹ ਇਸ ਮਾਡਲ ਨੂੰ ਆਸਟ੍ਰੇਲੀਆ ਵਿੱਚ ਅਪਣਾਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਮਾਡਲ ਉਹਨਾਂ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਬਹੁਤ ਲਾਭ ਪਹੁੰਚਾ ਸਕਦਾ ਹੈ।"

ਸਿਹਤ ਮੰਤਰੀ ਨੇ ਕਿਹਾ ਕਿ ਵਫ਼ਦ ਨੇ ਮਰੀਜ਼ਾਂ ਨੂੰ ਕਿਫਾਇਤੀ ਤੇ ਉੱਨਤ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਦੀ ਤੀਜੇ ਦਰਜੇ ਦੀ ਸਿਹਤ ਸੰਭਾਲ ਸਹੂਲਤ ਪੀਆਈਐਲਬੀਐਸ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਫਦ ਨੇ ਪੰਜਾਬ ਦੇ ਸਿਹਤ ਸੰਭਾਲ ਸੁਧਾਰਾਂ ਖਾਸ ਤੌਰ 'ਤੇ ਡਾਕਟਰੀ ਸੇਵਾਵਾਂ ਦੀ ਕੁਸ਼ਲ ਡਿਲੀਵਰੀ ਤੋਂ ਸਿਖਿਆ ਲੈਣ ਲਈ ਦਿਲਚਸਪੀ ਦਿਖਾਈ।

ਇਸ ਦੌਰਾਨ ਖੇਤੀਬਾੜੀ ਅਤੇ ਵਾਤਾਵਰਣ ਸਥਿਰਤਾ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ ਜਿਸ ਵਿੱਚ  ਦੋਵੇਂ ਧਿਰਾਂ ਨੇ ਸੰਭਾਵੀ ਸਹਿਯੋਗ ਦੀ ਪੜਚੋਲ ਕੀਤੀ। ਡਾ. ਬਲਬੀਰ ਸਿੰਘ ਨੇ ਕਿਹਾ, "ਆਸਟ੍ਰੇਲੀਆ ਵਿੱਚ ਮੌਸਮੀ ਸਥਿਤੀਆਂ ਅਤੇ ਫਸਲੀ ਚੱਕਰ ਪੰਜਾਬ ਦੇ ਸਮਾਨ ਹਨ। ਉਨ੍ਹਾਂ ਨੇ ਸਾਡੇ ਮੋਟੇ ਅਨਾਜ (ਜਵਾਰ, ਬਾਜਰਾ, ਰਾਗੀ ਆਦਿ) ਅਤੇ ਜੈਵਿਕ ਖੇਤੀ ਦੇ ਅਭਿਆਸਾਂ ਵਿੱਚ ਬਹੁਤ ਦਿਲਚਸਪੀ ਦਿਖਾਈ। ਅਸੀਂ ਚਰਚਾ ਕੀਤੀ ਕਿ ਕਿਵੇਂ ਦੋਵੇਂ ਖੇਤਰ ਪਾਣੀ ਦੀ ਸੰਭਾਲ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਨਾਲ-ਨਾਲ ਖੇਤੀ ਉਤਪਾਦਕਤਾ ਨੂੰ ਵਧਾਉਣ ਲਈ ਇੱਕ ਦੂਜੇ ਤੋਂ ਸਿੱਖ ਸਕਦੇ ਹਨ।"

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਆਸਟ੍ਰੇਲੀਆ ਨਾਲ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰਨ ਲਈ ਉਤਸੁਕ ਹੈ, ਜਿਸ ਤਹਿਤ ਪੰਜਾਬ ਦੇ ਮਾਹਿਰ ਸਿਖਲਾਈ ਲਈ ਆਸਟ੍ਰੇਲੀਆ ਦਾ ਦੌਰਾ ਕਰਨਗੇ ਅਤੇ ਆਸਟ੍ਰੇਲੀਆਈ ਪੇਸ਼ੇਵਰ ਪੰਜਾਬ ਦੇ ਸਿਹਤ ਸੰਭਾਲ ਅਤੇ ਖੇਤੀਬਾੜੀ ਮਾਡਲਾਂ ਦਾ ਅਧਿਐਨ ਕਰਨ ਲਈ ਪੰਜਾਬ ਆਉਣਗੇ।

ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਵਫ਼ਦ ਤੋਂ ਮਿਲੀ ਇਹ ਮਾਨਤਾ 2023 ਵਿੱਚ ਨੈਰੋਬੀ ਵਿੱਚ ਆਯੋਜਿਤ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ਵਿੱਚ ਆਮ ਆਦਮੀ ਕਲੀਨਿਕ ਵੱਲੋਂ ਹਾਸਲ ਕੀਤੀ ਗਲੋਬਲ ਮਾਨਤਾ ਤੋਂ ਬਾਅਦ ਪ੍ਰਾਪਤ ਹੋਈ ਹੈ। ਦੱਸਣਯੋਗ ਹੈ ਕਿ ਪੰਜਾਬ ਵੱਲੋਂ "ਦਵਾਈਆਂ ਦੀ ਕੁਸ਼ਲ ਡਿਲੀਵਰੀ: ਪੰਜਾਬ ਤੋਂ ਇੱਕ ਕੇਸ ਸਟੱਡੀ" ਸਿਰਲੇਖ ਹੇਠ ਆਪਣੀ ਪੇਸ਼ਕਾਰੀ ਲਈ ਪਹਿਲਾ ਇਨਾਮ ਹਾਸਲ ਕੀਤਾ ਗਿਆ ਸੀ।

ਵਫਦ ਦੇ ਹੋਰ ਮੈਂਬਰਾਂ ਵਿੱਚ ਪ੍ਰੋਫੈਸਰ ਹਰਪਿੰਦਰ ਸੰਧੂ (ਫੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ); ਡਾ. ਜਸਵਿੰਦਰ ਸਿੱਧੂ (ਫ਼ੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ); ਏ/ਪ੍ਰੋਫੈਸਰ ਪੌਲ ਪੈਂਗ (ਫ਼ੈਡਰੇਸ਼ਨ ਯੂਨੀਵਰਸਿਟੀ ਆਸਟ੍ਰੇਲੀਆ); ਡਾ. ਸਚਿਨ ਦਹੀਆ (ਬਿਜ਼ਨਸ ਲੀਡਰ, ਬੱਲਾਰਟ); ਪਰਵਿੰਦਰ ਸਰਵਰਾ (ਬਿਜ਼ਨਸਮੈਨ ਅਤੇ ਸੀਈਓ, ਸਿੰਘ ਹੋਮਜ਼); ਦਵਿੰਦਰ ਸਿੰਘ (ਬਿਜ਼ਨਸਮੈਨ ਅਤੇ ਇੰਪੋਰਟਰ); ਸੁਖਮੀਤ ਆਹੂਜਾ (ਵਿਜ਼ਨਸਮੈਨ ਅਤੇ ਐਜੂਕੇਟਰ), ਜਸਵਿੰਦਰ ਸਿੰਘ (ਸੀਈਓ, ਸਿੱਖ ਵਲੰਟੀਅਰਜ਼ ਆਸਟ੍ਰੇਲੀਆ); ਅਭਿਮਨਿਊ ਕੁਮਾਰ (ਵਿਜ਼ਨਸਮੈਨ); ਨਵਦੀਪ ਸਿੰਘ ਹਾਂਡਾ (ਬਿਜ਼ਨਸਮੈਨ, ਸੀਈਓ ਆਮੀਕੋ ਹੋਮਸ); ਕਾਰਤੀਕ ਮੁਨੀਗੋਤੀ (ਸੀਈਓ, ਕਾਂਸਟੈਲੇਸ਼ਨ ਟੈਕਨੋਲੋਜੀਜ਼ ਲਿਮਟਿਡ); ਅਤੇ ਲਵ ਖੱਖ (ਬਿਜ਼ਨਸਮੈਨ ਅਤੇ ਸਪੋਰਟਸ ਇਵੈਂਟਸ ਆਰਗੇਨਾਈਜ਼ਰ) ਸ਼ਾਮਲ ਸਨ।

Have something to say? Post your comment

 

ਪੰਜਾਬ

ਪੰਜਾਬ ਸਰਕਾਰ ਵੱਲੋਂ ਡੇਂਗੂ ਨਾਲ ਨਜਿੱਠਣ ਲਈ "ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ" ਮੁਹਿੰਮ ਕੀਤੀ ਜਾਵੇਗੀ ਸ਼ੁਰੂ

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 5000 ਸਕੂਲੀ ਵਿਦਿਆਰਥੀਆਂ ਨੇ ਮੈਗਾ ਰੈਲੀ ਵਿੱਚ ਹਿੱਸਾ ਲਿਆ

ਯੁੱਧ ਨਸ਼ਿਆਂ ਵਿਰੁੱਧ: ਮੋਗਾ ਦੇ ਦੌਲੇਵਾਲਾ ਪਿੰਡ ਵਿੱਚ ਚਾਰ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਘਰਾਂ ਨੂੰ ਕੀਤਾ ਢਹਿਢੇਰੀ

ਅਟਾਰੀ-ਵਾਹਗਾ ਸਰਹੱਦ 'ਤੇ ਬੀਐਸਐਫ ਅਲਰਟ, ਕਿਸਾਨਾਂ ਨੂੰ ਦੋ ਦਿਨਾਂ ਵਿੱਚ ਫ਼ਸਲਾਂ ਦੀ ਕਟਾਈ ਕਰਨ ਦੇ ਹੁਕਮ

ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਦੇ ਬਰਸੀ ਸਮਾਗਮ ਗੁ: ਬੇਰ ਸਾਹਿਬ ਦੇਗਸਰ ਸਾਹਿਬ ਛਾਉਣੀ ਬੁੱਢਾ ਦਲ ਵਿਖੇ ਹੋਣਗੇ

ਪੰਜ ਮੈਂਬਰੀ ਭਰਤੀ ਕਮੇਟੀ ਨੂੰ ਮਿਲ ਰਹੇ ਹੁੰਗਾਰੇ ਤੋਂ ਘਬਰਾਇਆ ਬਾਦਲ ਦਲ ਗੁਰੂ ਘਰਾਂ ਨੂੰ ਤਾਲੇ ਲਗਾਉਣ ਲੱਗਾ

ਬੈਂਕ ਆਫ਼ ਬੜੋਦਾ ਵੱਲੋਂ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਨੂੰ ਦੋ ਵਾਟਰ ਕੂਲਰ ਸੌਂਪੇ

ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਆਯੋਜਤ

ਆਜ਼ਾਦ ਕੌਂਸਲਰ ਪਰਮਿੰਦਰ ਪਿੰਕੀ 'ਆਪ' ਵਿੱਚ ਸ਼ਾਮਲ, ਅਮਨ ਅਰੋੜਾ ਨੇ ਕੀਤਾ ਸਵਾਗਤ

ਆਪ ਕੌਂਸਲਰ ਭੁਪਿੰਦਰ ਸਿੰਘ ਪ੍ਰਧਾਨ, ਪ੍ਰੀਤ ਜੈਨ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਲਾਲ ਮੀਤ ਪ੍ਰਧਾਨ ਚੁਣੇ ਗਏ