ਸੰਗਰੂਰ- ਸੰਗਰੂਰ ਨਗਰ ਕੌਂਸਲ ’ਤੇ ਵੀ ਆਮ ਆਦਮੀ ਪਾਰਟੀ (ਆਪ) ਦਾ ਕਬਜ਼ਾ ਹੋ ਗਿਆ ਹੈ। ਇੱਥੇ ਵੀ ਪਾਰਟੀ ਨੇ ਆਪਣਾ ਪ੍ਰਧਾਨ ਨਿਯੁਕਤ ਕੀਤਾ ਹੈ। ਸ਼ਨੀਵਾਰ ਨੂੰ 'ਆਪ' ਕੌਂਸਲਰ ਭੁਪਿੰਦਰ ਸਿੰਘ ਨੂੰ ਪੂਰਨ ਬਹੁਮਤ ਨਾਲ ਪ੍ਰਧਾਨ, ਪ੍ਰੀਤ ਜੈਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਲਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਤਿੰਨਾਂ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਾਨ ਸਰਕਾਰ ਸੰਗਰੂਰ ਦੇ ਵਿਕਾਸ ਲਈ ਵਚਨਬੱਧ ਹੈ। ਸਾਡੇ ਪ੍ਰਧਾਨ, ਮੀਤ ਪ੍ਰਧਾਨ ਸਮੇਤ ਸਾਰੇ ਕੌਂਸਲਰ ਸੰਗਰੂਰ ਦੇ ਵਿਕਾਸ ਲਈ ਦਿਨ ਰਾਤ ਕੰਮ ਕਰਨਗੇ ਅਤੇ ਸਥਾਨਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ।
ਅਰੋੜਾ ਨੇ ਕਿਹਾ ਕਿ ਨਗਰ ਕੌਂਸਲ ਸੰਗਰੂਰ ਦੀ ਨਵੀਂ ਲੀਡਰਸ਼ਿਪ ਰਾਹੀਂ ਇਲਾਕੇ ਵਿੱਚ ਵਿਕਾਸ ਕਾਰਜਾਂ ਨੂੰ ਗਤੀ ਮਿਲੇਗੀ ਅਤੇ ਸਰਕਾਰ ਵੱਲੋਂ ਭਰਪੂਰ ਵਿੱਤੀ ਅਤੇ ਹੋਰ ਸਹਾਇਤਾ ਵੀ ਦਿੱਤੀ ਜਾਵੇਗੀ ਤਾਂ ਜੋ ਵਿਕਾਸ ਕਾਰਜਾਂ ਵਿੱਚ ਕੋਈ ਮੁਸ਼ਕਲ ਨਾ ਆਵੇ।
ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤ ਮੌਜੂਦਗੀ ਨੇ ਇੱਕ ਵਾਰ ਫਿਰ ਸੰਗਰੂਰ ਜ਼ਿਲ੍ਹੇ ਵਿੱਚ ਪਾਰਟੀ ਪ੍ਰਤੀ ਵਧ ਰਹੇ ਜਨਤਕ ਸਮਰਥਨ ਨੂੰ ਸਾਬਤ ਕਰ ਦਿੱਤਾ ਹੈ। ਇਸ ਨਾਲ ਸਥਾਨਕ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਮਨੋਬਲ ਵੀ ਵਧੇਗਾ ਅਤੇ ਇਸ ਦੇ ਫਾਇਦੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਣਗੇ।