ਨਵੀਂ ਦਿੱਲੀ- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਜਪ ਤਪ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ, ਸ਼੍ਰੀ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ 'ਤੇ ਆਏ ਜੱਥੇ ਨੇ ਸੰਗਤ ਨਾਲ ਮਿਲਕੇ ਜਪੁਜੀ ਸਾਹਿਬ, ਜਾਪੁ ਸਾਹਿਬ, ਸੁਖਮਨੀ ਸਾਹਿਬ, ਅਨੰਦ ਸਾਹਿਬ ਦੇ ਪਾਠ ਕੀਤੇ ਅਤੇ ਸੰਯੁਕਤ ਰੂਪ ਵਿੱਚ ਅਰਦਾਸ ਵੀ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਕਾਫੀ ਸਮੇਂ ਤੋਂ ਹਰ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਬਾਬਾ ਦੀਪ ਸਿੰਘ ਗੁਰਦੁਆਰਾ, ਸ਼੍ਰੀ ਅੰਮ੍ਰਿਤਸਰ ਦੀ ਤਰ੍ਹਾਂ "ਚੌਪਹਿਰਾ" ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਧਰਮ ਪ੍ਰਚਾਰ ਮੁਖੀ ਦਲੀਪ ਸਿੰਘ ਸੇਠੀ ਵੱਲੋਂ ਸੰਗਤ ਨਾਲ ਮਿਲਕੇ ਗੁਰਬਾਣੀ ਦੇ ਪਾਠ ਕੀਤੇ ਜਾਂਦੇ ਹਨ। ਇਸ ਵਾਰੀ ਵੀ, ਸ਼੍ਰੀ ਅੰਮ੍ਰਿਤਸਰ ਤੋਂ ਵਿਸ਼ੇਸ਼ ਜੱਥਾ ਆਇਆ ਅਤੇ ਉਨ੍ਹਾਂ ਵੱਲੋਂ ਗੁਰਬਾਣੀ ਪਾਠ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਜਦੋਂ ਇਹ ਸਮਾਗਮ ਗੁਰਦੁਆਰਾ ਸਾਹਿਬ ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਬਹੁਤ ਘੱਟ ਸੰਗਤ ਹਿੱਸਾ ਲੈਂਦੀ ਸੀ, ਪਰ ਹੁਣ ਸਿਰਫ਼ ਰਾਜੌਰੀ ਗਾਰਡਨ ਤੋਂ ਹੀ ਨਹੀਂ ਸਗੋਂ ਦੂਰ-ਦਰਾਜ ਤੋਂ ਵੀ ਸੰਗਤ ਪਹੁੰਚ ਕੇ ਇਸ ਜਪ ਤਪ ਸਮਾਗਮ ਵਿੱਚ ਭਾਗ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸੰਗਤ ਇਸ ਵਿੱਚ ਭਾਗ ਲੈਂਦੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸਮਾਗਮ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਆਤਮਿਕ ਤੌਰ ਤੇ ਬਹੁਤ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ।