ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕੋਰੋਨਾ ਦੇ ਬੇਕਾਬੂ ਹੋ ਰਹੇ ਮਾਮਲਿਆਂ ਦੇ ਵਿਚਕਾਰ ਇਕ ਵਾਰ ਫਿਰ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਨੂੰ ਰੋਕਣ ਲਈ ਵਿਸ਼ਵ ਪੱਧਰ 'ਤੇ ਹੋਰ ਸਖਤ ਕਦਮ ਨਾ ਚੁੱਕੇ ਗਏ ਤਾਂ ਦੁਨੀਆ ਭਰ ਵਿਚ ਮੌਤਾਂ ਦਾ ਅੰਕੜਾ 20 ਲੱਖ ਤੋਂ ਪਾਰ ਜਾ ਸਕਦਾ ਹੈ । ਜ਼ਿਕਰਯੋਗ ਹੈ ਕਿ ਇਸ ਵਕਤ ਦੁਨੀਆਂ ਭਰ ਵਿਚ ਇਸ ਮਹਾਂ ਮਾਰੀ ਕਾਰਨ ਲਗਭਗ 10 ਲੋਕ ਆਪਣੀ ਜਾਨ ਗੁਆ ਚੁੱਕੇ ਹਨ ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਜੇਕਰ ਵੱਖੋ ਵੱਖਰੇ ਦੇਸ਼ ਅਤੇ ਲੋਕ ਮਹਾਂਮਾਰੀ ਨਾਲ ਨਜਿੱਠਣ ਲਈ ਇਕੱਠੇ ਨਹੀਂ ਹੁੰਦੇ ਤਾਂ 10 ਲੱਖ ਹੋਰ ਮੌਤਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡਬਲਯੂਐਚਓ ਦੇ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਮਾਈਕਲ ਰਿਆਨ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 10 ਲੱਖ ਦਾ ਅੰਕੜਾ ਡਰਾਉਣਾ ਹੈ । ਉਨ੍ਹਾਂ ਨੇ ਕਿਹਾ, "ਕੀ ਅਸੀਂ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸਮੂਹਕ ਤੌਰ 'ਤੇ ਕਦਮ ਚੁੱਕਣ ਲਈ ਤਿਆਰ ਹਾਂ?" "ਜੇ ਅਸੀਂ ਹੋਰ ਸਖ਼ਤ ਕਦਮ ਨਹੀਂ ਚੁੱਕਦੇ ... ਹਾਂ, ਅਸੀਂ ਬਦਕਿਸਮਤੀ ਨਾਲ ਹੋਰ ਵੀ ਮੌਤਾਂ ਦੇ ਵੱਧ ਨੰਬਰ ਦੇਖ ਸਕਦੇ ਹਾਂ"
ਦੱਸ ਦੇਈਏ ਕਿ ਕੋਰੋਨਾ ਨਾਲ ਪੀੜਤ ਅਮਰੀਕਾ ਦੁਨੀਆ ਦਾ ਸਭ ਤੋਂ ਪ੍ਰਭਾਵਤ ਦੇਸ਼ ਹੈ ਅਤੇ 2 ਲੱਖ ਤੋਂ ਵੱਧ ਲੋਕ ਇਸ ਮਾਰੂ ਵਾਇਰਸ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਜਦੋਂ ਕਿ ਸੰਕਰਮਿਤ ਲੋਕਾਂ ਦੀ ਗਿਣਤੀ 70 ਲੱਖ 32 ਹਜ਼ਾਰ ਤੋਂ ਵੱਧ ਹੈ। ਅਮਰੀਕਾ ਵਿਚ 41, 01, 514 ਐਕਟਿਵ ਕੇਸ ਹਨ, ਜਦੋਂ ਕਿ 27, 27, 335 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਦੂਜੇ ਪਾਸੇ, ਦੂਜੇ ਸਥਾਨ 'ਤੇ ਭਾਰਤ ਵੀ, ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਜੋ ਅਸੀਂ ਕੌਮੀ ਮਾਰਗ ਦੇ ਪਾਠਕਾਂ ਨੂੰ ਪਹਿਲਾਂ ਹੀ ਇਕ ਵੱਖਰੀ ਖ਼ਬਰ ਰਾਹੀਂ ਦਸ ਚੁੱਕੇ ਹਾਂ ।