ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣਾਏ ਕੋਰੋਨਾ ਕੇਅਰ ਸੈਂਟਰ ਦਾ ਦੌਰਾ ਕੀਤਾ ਤੇ ਇਥੇ ਸਹੂਲਤਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਕਮੇਟੀ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਵੀ ਮੌਜੂਦ ਸਨ।
ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੈਨ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ 250 ਬੈਡਾਂ ਵਾਲੀ ਸਹੂਲਤ ਨੁੰ ਵਧਾ ਕੇ 500 ਬੈਡਾਂ ਦਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਥੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਦਿੱਲੀ ਸਰਕਾਰ ਤਾਇਨਾਤ ਕਰੇਗੀ। ਉਹਨਾਂ ਦੱਸਿਆ ਕਿ ਇਥੇ ਲੋੜੀਂਦੀਆਂ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਤੇ ਇਸਨੂੰ 500 ਬੈਡਾਂ ਵਾਲੇ ਆਈ ਸੀ ਯੂ ਹਸਪਤਾਲ ਨਾਲ ਜੋੜਿਆ ਜਾਵੇਗਾ ਤਾਂ ਜੋ ਐਮਰਜੰਸੀ ਹਾਲਾਤ ਵਿਚ ਮਰੀਜ਼ ਨੁੰ ਇਥੋਂ ਉਥੇ ਆਈ ਸੀ ਯੂ ਸਹੂਲਤ ਵਿਚ ਟਰਾਂਸਫਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਣੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲਵੇਗੀ।
ਸ੍ਰੀ ਸਿਰਸਾ ਨੇ ਦਿੱਲੀ ਸਰਕਾਰ ਦੇ ਇਸ ਫੈਸਲੇ ਲਈ ਸ੍ਰੀ ਜੈਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਉਹਨਾਂ ਦੱਸਿਆ ਕਿ ਸਰਕਾਰ ਦੇ ਫੈਸਲੇ ਸਦਕਾ ਤੇ ਹੁਣ ਮੈਡੀਕਲ ਸਟਾਫ ਤਾਇਨਾਤ ਹੋਣ ਵਿਚ ਤਿੰਨ ਚਾਰ ਦਿਨ ਦਾ ਸਮਾਂ ਹੋਰ ਲੱਗੇਗਾ ਤੇ ਇਸ ਲਈ ਇਸ ਸੈਂਟਰ ਨੂੰ ਸ਼ੁਰੂ ਕਰਨ ਵਿਚ ਕੁਝ ਸਮਾਂ ਹੋਰ ਲੱਗ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਵੇਲੇ ਇਥੇ 250 ਬੈਡ ਲਗਾਏ ਗਏ ਹਨ ਜਿਹਨਾਂ ਦੇ ਨਾਲ ਆਕਸੀਜ਼ਨ ਦੋ-ਦੋ ਆਕਸੀਜ਼ਨ ਕੰਸੈਂਟ੍ਰੇਟਰ ਲਗਾਏ ਗਏ ਹਨ ਤੇ ਸਾਰਾ ਬੁਨਿਆਦੀ ਢਾਂਚਾ ਮੁਕੰਮਲ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸੰਗਤ ਨੂੰ ਇਸ ਤਰੀਕੇ ਦੀ ਸਹੂਲਤ ਦੀ ਬਹੁਤ ਜ਼ਰੂਰਤ ਹੈ ਤੇ ਦਿੱਲੀ ਕਮੇਟੀ ਇਸ ਗੱਲੋਂ ਚੌਕਸ ਹੈ ਕਿ ਇਹ ਮੈਡੀਕਲ ਸਹੂਲਤ ਹੈ, ਇਸਨੂੰ ਕਾਹਲੀ ਵਿਚ ਸ਼ੁਰੂ ਕਰਨਾ ਠੀਕ ਨਹੀਂ ਹੈ। ਇਸ ਲਈ ਸਰਕਾਰ ਵੱਲੋਂ ਇਥੇ ਮੈਡੀਕਲ ਟੀਮ ਤਾਇਨਾਤ ਕਰਨ ਮਗਰੋਂ ਹੀ ਇਸਨੁੰ ਤਕਰੀਬਨ 10 ਮਈ ਤੱਕ ਸ਼ੁਰੂ ਕੀਤਾ ਜਾਵੇਗਾ।