ਐੱਸ.ਏ.ਐੱਸ ਨਗਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਸ: ਦਵਿੰਦਰ ਸਿੰਘ ਸੋਢੀ ਨੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਦਿੱਤੇ ਉਸ ਭਾਸ਼ਣ ਦਾ ਖੰਡਨ ਕੀਤਾ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਪੰਥ ਨੂੰ ਖਤਰੇ ਵਿੱਚ ਦੱਸ ਰਹੇ ਹਨ। ਸ: ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਸਿਆਸੀ ਹਿੱਤਾਂ ਲਈ ਪੰਥ ਨੂੰ ਖਤਰੇ ਵਿੱਚ ਦੱਸ ਰਹੇ ਹਨ ਜਦਕਿ ਪੰਥ ਦੇ ਬਜਾਏ ਪੰਥ ਵਿਰੋਧੀ ਬਾਦਲ ਦਲ ਖੁਦ ਖਤਰੇ ਵਿੱਚ ਹੈ।
ਸ:ਸੋਢੀ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਇਸ ਗੱਲ `ਤੇ ਵੀ ਨਿਸ਼ਾਨਾ ਸਾਧਿਆ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ 15 ਸਾਲ ਜੇਲ੍ਹਾਂ ਵੀ ਰਹਿਣ ਦਾ ਦਾਅਵਾ ਕਰ ਰਹੇ ਹਨ। ਸ: ਸੋਢੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਝੂੱਠ ਬੋਲ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਪੂਰੇ 15 ਸਾਲ ਜੇਲ੍ਹਾਂ ਵਿੱਚ ਕੱਟੇ ਹਨ। ਉਨ੍ਹ੍ਹਾ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 4 ਸਾਲ ਕੁੱਝ ਮਹੀਨੇ ਜੇਲ੍ਹ ਜਰੂਰ ਕੱਟ ਕੇ ਆਏ ਹਨ ਪਰ ਹੁਣ ਸਿਆਸੀ ਲਾਹਾ ਲੈਣ ਲਈ ਉਹ ਜਿਨਾਂ ਸਮਾਂ ਦੱਸ ਰਹੇ ਹਨ ਉਹ ਕੋਰਾ ਝੂਠ ਹੈ। ਸ: ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਇਹ ਸਾਬਤ ਕਰ ਦੇਣ ਕਿ ਉਨ੍ਹਾਂ ਨੇ 15 ਸਾਲ ਜੇਲ੍ਹਾਂ ਵਿੱਚ ਕੱਟੇ ਹਨ ਤਾਂ ਉਹ ਸਭ ਕੁਝ ਛੱਡ ਕੇ ਘਰ ਬੈਠ ਜਾਣਗੇ।
ਸ: ਸੋਢੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਮਝਦਾਰ ਅਤੇ ਵੱਡੇ ਲੀਡਰ ਹਨ ਪਰ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲਣ ਅਤੇ ਪੰਥ ਅਤੇ ਪੰਜਾਬ ਨੂੰ ਗੁੰਮਰਾਹ ਕਰਨ ਵਾਲੀਆਂ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ: ਸੋਢੀ ਨੇ ਇਹ ਵੀ ਕਿਹਾ ਕਿ ਜਿਥੇ ਤੱਕ ਪੰਥ ਦੀਆਂ ਸਿਰਮੋਰ ਸੰਸਥਾਵਾਂ ਤੋਂ ਬਾਦਲ ਪਰਿਵਾਰ ਦੇ ਕਬਜੇ ਦੀ ਗੱਲ ਹੈ, ਉਸ ਨੂੰ ਹਟਾਉਣ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪੁਰਜ਼ੋਰ ਯਤਨ ਜਾਰੀ ਹਨ ਅਤੇ ਉਹ ਸਮਾਂ ਦੂਰ ਨਹੀ ਹੈ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਤੋਂ ਬਾਦਲਾਂ ਦਾ ਗਲਬਾ ਖਤਮ ਕਰ ਦਿੱਤਾ ਜਾਵੇਗਾ।