ਅੰਮ੍ਰਿਤਸਰ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕਰੋਨਾ ਦੀਆਂ ਪਹਿਲੀਆਂ ਦੋ ਲਹਿਰਾਂ ਸਮੇਂ ਲਗਾਈਆਂ ਤਾਲਾਬੰਦੀਆਂ ਸਮੇਂ ਕਾਰੋਬਾਰ ਠੱਪ ਹੋਏ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ਚਲੀ ਗਈ।ਲੱਖਾਂ ਪਰਵਾਸੀ ਮਜ਼ਦੂਰ ਆਪੋ ਆਪਣੇ ਘਰਾਂ ਨੂੰ ਪੈਂਦਲ ਜਾਂਦੇ ਦੇਖੇ ਗਏ।ਇਸ ਦੇ ਬਾਵਜ਼ੂਦ ਸਰਕਾਰਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਵਿੱਚ ਕੋਈ ਅੰਤਰ ਨਜ਼ਰ ਨਹੀਂ ਆ ਰਿਹਾ।ਬਿਆਨ ਬਾਜ਼ੀ ਹੀ ਪੜ੍ਹਨ ਸੁਣਨ ਨੂੰ ਮਿਲ ਰਹੀ ਹੈ।ਸਰਕਾਰੀ ਕਾਰਜਾਂ ਬਾਰੇ ਜੋ ਅਪਾਹਿਜਤਾ ਜਨਤਾ ਨੇ ਝੱਲੀ ਹੈ ਉਸ ਤੋਂ ਸਬਕ ਲੈਣ ਦੀ ਸਖ਼ਤ ਲੋੜ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਤਰੀਕਾ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ।ਉਨ੍ਹਾਂ ਕਿਹਾ ਦੇਸ਼ ਵਿੱਚ ਕਰੋਨਾ ਦੀ ਤੀਜੀ ਲਹਿਰ ਦੇ ਨਾਮ ਉੱਤੇ ਪਾਬੰਦੀਆਂ ਦਾ ਦੌਰ ਮੁੜ ਸ਼ੁਰੂ ਹੋ ਗਿਆ ਹੈ।ਕੇਸਾਂ ਵਿੱਚ ਵਾਧੇ ਦੇ ਮੱਦੇ ਨੱਜ਼ਰ ਵੱਖ-ਵੱਖ ਸੂਬਾ ਸਰਕਾਰਾਂ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਪਰ ਇਨਾਂ ਵਿੱਚ ਅਸਪੱਟਤਾ ਲੋਕਾਂ ਅੰਦਰ ਬੇਭਰੋਸਗੀ ਪੈਦਾ ਕਰਨ ਦਾ ਸਬੱਬ ਬਣ ਰਹੀ ਹੈ।ਦਿਲੀ ਵਿੱਚ ਸਨਿਚਵਾਰ ਅਤੇ ਐਤਵਾਰ ਦਾ ਕਰਫਿਊ ਐਲਾਨ ਦਿੱਤਾ ਗਿਆ ਹੈ।ਮੈਟਰੋ ਅਤੇ ਬੱਸਾਂ ਪੂਰੀ ਸਮੱਰਥਾ ਅਨੁਸਾਰ ਚੱਲਣਗੀਆਂ ਪਰ ਕਾਰੋਬਾਰਾਂ ਵਿੱਚ ਪੰਜਾਹ ਫੀਸਦੀ ਲੋਕਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ।ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਵੀ 15 ਜਨਵਰੀ ਤੱਕ ਰਾਤ ਦਾ ਕਰਫਿਊ ਲਾਗੂ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੇ ਵੈਕਸਿਨ ਦੀਆਂ ਦੋਵੇ ਡੋਜ਼ਾਂ ਲਗਾਉਣ ਤੋਂ ਬਿਨਾਂ ਕੰਮ ਤੇ ਆਉਣ ਤੇ ਪਾਬੰਦੀ ਲਾ ਦਿੱਤੀ ਹੈ ਅਤੇ ਯੂਨੀਵਰਸਿਟੀ, ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਹਨ।ਉਨ੍ਹਾਂ ਕਟਾਖਸ਼ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਦੋਹਾਂ ਡੋਜ਼ਾਂ ਤੋਂ ਬਿਨਾਂ ਦਾਖਲਾ ਬੰਦ ਪਰ ਸਿਆਸੀ ਇਕੱਠਾਂ ਬਾਰੇ ਖਾਮੋਸ਼ੀ ਹੈ।ਉਨ੍ਹਾਂ ਕਿਹਾ ਕਿ ਪੁਖਤਾ ਇੰਤਜ਼ਾਮ ਹੀ ਸੰਕਟ ਦੀ ਮਾਰ ਝੱਲ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਵਾਇਰਸ ਦੀ ਤੀਜੀ ਲਹਿਰ ਬਾਰੇ ਕਿਵੇਂ ਬਚਾਉ ਕਰਨਾ ਹੈ ਪ੍ਰਚਾਰ ਰੂਪੀ ਸਾਧਨਾਂ ਰਾਹੀਂ ਜਾਣਕਾਰੀ ਦੇਣੀ ਅਤੇ ਸਾਵਧਾਨੀਆਂ ਵਰਤਣ ਲਈ ਜਰੂਰੀ ਕਿਹਾ ਜਾਣਾ ਚਾਹੀਦਾ ਹੈ ਪਰ ਜਿਆਦਾ ਜ਼ੋਰ ਪਾਬੰਦੀਆਂ ਲਗਾਉਣ ਤੇ ਦਿਖਾਈ ਦੇ ਰਿਹਾ ਹੈ।ਉਨ੍ਹਾਂ ਕਿਹਾ ਜੇਕਰ ਕਿਸੇ ਕਾਰਨ ਪਾਬੰਦੀਆਂ ਲਗਾਉਣੀਆਂ ਵੀ ਪੈਦੀਆਂ ਹਨ ਤਾਂ ਲੋਕਾਂ ਦੀ ਰੋਜ਼ਮਰਾਂ ਜ਼ਿੰਦਗੀ ਦੀਆਂ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ।