ਲਹਿਰਾਗਾਗਾ – ਸਥਾਨਕ ਸੀਬਾ ਸਕੂਲ ਵਿਖੇ ਮਾਨਸਿਕ ਸਿਹਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ ਜਿਸ ਵਿਚ ਨੋਇਡਾ ਤੋਂ ਆਏ ਪ੍ਰਸਿੱਧ ਲੇਖਕ ਅਤੇ ਕਾਊਂਸਲਰ ਸੰਜੀਵ ਕੁਮਾਰ ਨੇ ਸਕੂਲ ਅਧਿਆਪਕਾਂ ਨਾਲ ਮਾਨਸਿਕ ਸਿਹਤ ਅਤੇ ਰਿਸ਼ਤੇ ਉੱਪਰ ਖੁੱਲੀ ਵਿਚਾਰ ਚਰਚਾ ਕੀਤੀ।ਉਨ੍ਹਾਂ ਮਨੁੱਖੀ ਭਾਵਨਾਵਾਂ ਨੂੰ ਸਮਝਣ, ਦੇਖਣ ਅਤੇ ਉਨ੍ਹਾਂ ਮੁਤਾਬਿਕ ਵਿਵਹਾਰ ਕਰਨ ਸਬੰਧੀ ਦੱਸਿਆ।ਉਨ੍ਹਾਂ ਕਿਹਾ ਕਿ ਕਿਸੇ ਵੀ ਸਖ਼ਸੀਅਤ ਦੀ ਉਸਾਰੀ ਲਈ ਸਰੀਰ ਅਤੇ ਦਿਮਾਗ਼ ਦਾ ਬਰਾਬਰ ਕੰਮ ਕਰਨਾ ਜ਼ਰੂਰੀ ਹੈ।ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਭਾਵਨਾਵਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਸਬੰਧੀ ਜਾਣਕਾਰੀ ਨੂੰ ਕਦੇ ਵੀ ਕਿਸੇ ਹੋਰ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਤਾਂ ਜੋ ਹਰ ਸੰਸਥਾ ਵਿਚ ਬਿਨ੍ਹਾਂ ਡਰ ਦੇ ਪੜ੍ਹਾਈ ਦਾ ਮਾਹੌਲ ਸੁਖਾਵਾਂ ਹੋਵੇ। ਗੁੱਸਾ, ਪਿਆਰ, ਉਤੇਜਨਾ ਸਾਡੀਆਂ ਭਾਵਨਾਵਾਂ ਦਾ ਹਿੱਸਾ ਹਨ ਪਰ ਕਈ ਵਾਰ ਅਸੀਂ ਵਿਦਿਆਰਥੀ ਨੂੰ ਇਹ ਦੱਸਣ ਵਿਚ ਅਸਫਲ ਰਹਿੰਦੇ ਹਾਂ ਕਿ ਇਨ੍ਹਾਂ ਨੂੰ ਅੱਗੇ ਕਿਵੇਂ ਢਾਲਣਾ ਹੈ।ਵਿਿਦਆਰਥੀਆਂ ਦੇ ਵਿਅਕਤੀਗਤ ਵਖਰੇਂਵਿਆਂ ਨੂੰ ਅਧਿਆਪਕ ਤਾਂ ਹੀ ਵਧੀਆ ਤਰੀਕੇ ਨਾਲ ਸਮਝ ਕੇ ਸਹੀ ਦਿਸ਼ਾ ਦੇ ਸਕਦਾ ਹੈ ਜੇਕਰ ਉਸ ਦੀ ਆਪਣੀ ਮਾਨਸਿਕ ਸਿਹਤ ਚੰਗੀ ਹੋਵੇਗੀ।ਅਜੋਕੇ ਦੌਰ ਵਿਚ ਮਾਨਸਿਕ ਤਣਾਅ ਅਤੇ ਖੁਦਕੁਸ਼ੀਆਂ ਦਾ ਰੁਝਾਨ ਛੋਟੀ ਉਮਰ ਦੇ ਬੱਚਿਆਂ ਵਿਚ ਵੀ ਵਧ ਰਿਹਾ ਹੈ ਇਸ ਲਈ ਸੰਵਾਦ ਅਤੇ ਗੱਲਬਾਤ ਦਾ ਰਿਸ਼ਤਾ ਹਰ ਪੀੜ੍ਹੀ ਦੇ ਦਰਮਿਆਨ ਬਣਿਆ ਰਹਿਣਾ ਚਾਹੀਦਾ ਹੈ।ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਬਲਰਾਮ ਭਾਅ, ਚਰਨ ਗਿੱਲ, ਹਰਬੰਸ ਸੋਨੂੰ, ਕੇਸ਼ਵ ਸ਼ਰਮਾ ਮੌਜੂਦ ਸਨ।
ਕੈਪਸ਼ਨ - ਸੀਬਾ ਸਕੂਲ ਲਹਿਰਾਗਾਗਾ ਵਿਖੇ ਵਰਕਸ਼ਾਪ ਦੌਰਾਨ ਅਧਿਆਪਕਾਂ ਨਾਲ ਵਿਚਾਰ ਚਰਚਾ ਕਰਦੇ ਹਏ ਕਾਊਂਸਲਰ ਸੰਜੀਵ ਕੁਮਾਰ।