ਨਵੀਂ ਦਿੱਲੀ - ਅੱਜ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਖੇਡਾਂ ਵੱਲ ਪ੍ਰੇਰਿਤ ਕਰੀਏ। ਅਜੋਕੀ ਜੀਵਨ ਸ਼ੈਲੀ ਅਤੇ ਨੌਕਰੀ ਦੀ ਪ੍ਰੋਫਾਈਲ ਸਾਡੇ ਨੌਜਵਾਨਾਂ ਦੀ ਸਿਹਤ 'ਤੇ ਬਹੁਤ ਸਾਰੇ ਮਾੜੇ ਪ੍ਰਭਾਵ ਪਾਉਂਦੀ ਹੈ, ਜਿਸ ਨਾਲ ਕਈ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਐਤਵਾਰ ਨੂੰ ਦਿੱਲੀ ਵਿੱਚ 112 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਨਾਲ 5ਕੇ ਵਿਸਾਖੀ ਮੈਰਾਥਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ, ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ ਖੇਡਾਂ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੀ ਸਮਰੱਥਾ ਹੈ, ਪਰ ਉਨ੍ਹਾਂ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਪ੍ਰੇਰਨਾ ਦੀ ਲੋੜ ਹੈ। ਅਸਲ ਵਿੱਚ ਸਰਕਾਰ ਅਤੇ ਸਮਾਜ ਦਾ ਫਰਜ਼ ਬਣਦਾ ਹੈ ਕਿ ਉਹ ਨਸ਼ਿਆਂ ਵਿੱਚ ਡੁੱਬਣ ਦੀ ਬਜਾਏ ਆਪਣੀ ਊਰਜਾ ਨੂੰ ਚੈਨਲਾਈਜ਼ ਕਰਨ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਮੈਰਾਥਨ ਦਾ ਮਕਸਦ ਵਿਸਾਖੀ ਦਾ ਤਿਉਹਾਰ ਭਾਰਤ ਦੀ ਅਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਨਾ ਹੈ। ਉਨ੍ਹਾਂ ਨੇ ਮੈਰਾਥਨ ਦਾ ਥੀਮ ਵੀ ‘ਇੱਕ ਦੌੜ-ਮਨੁੱਖੀ ਦੌੜ’ ਐਲਾਨਦਿਆਂ ਗੁਰਬਾਣੀ ਤੋੰ-ਮਾਨਸ ਕੀ ਜਾਤ ਸਭ ਏਕ ਪਹਿਚਾਨਬੋ, ਦਾ ਜਿਕਰ ਕੀਤਾ।
ਸਿੱਖ ਸੁਪਰਮੈਨ 112 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਰਾਜ ਸਭਾ ਮੈਂਬਰ ਅਤੇ ਪ੍ਰਧਾਨ ਸਨ ਫਾਊਂਡੇਸ਼ਨ, ਅੰਤਰਰਾਸ਼ਟਰੀ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਪ੍ਰਧਾਨ ਪਦਮ ਸ਼੍ਰੀ ਵਿਕਰਮਜੀਤ ਸਾਹਨੀ ਦੀ ਸਰਪ੍ਰਸਤੀ ਹੇਠ ਕਰਵਾਈ ਗਈ 5ਕੇ ਵਿਸਾਖੀ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮਹਾਨ ਮੈਰਾਥਨ ਰਨਰ ਫੌਜਾ ਸਿੰਘ ਨੇ ਕਿਹਾ ਕਿ ਸਾਰੀਆਂ ਬੁਰਾਈਆਂ ਨੂੰ ਦੂਰ ਰੱਖਣ ਲਈ ਹਰ ਰੋਜ਼ ਫਿੱਟ ਰਹਿਣਾ ਅਤੇ ਦੌੜਨਾ ਜ਼ਰੂਰੀ ਹੈ। ਇਸ ਦੌਰਾਨ 5ਕੇ ਵਿਸਾਖੀ ਸੁਪਰਸਿੱਖ ਰਨ ਵਿੱਚ 2000 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ, ਜਿਸਦੀ ਗੁਰਬਚਨ ਸਿੰਘ ਰੰਧਾਵਾ ਅਤੇ ਬਿਸ਼ਨ ਸਿੰਘ ਬੇਦੀ ਵੱਲੋਂ ਵੀ ਸ਼ੋਭਾ ਵਧਾਈ ਗਈ।
ਕੇਸਰੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਲੋਕ ਦਸਤਾਰਧਾਰੀ ਬਾਈਕ ਸਵਾਰਾਂ ਦੀ ਅਗਵਾਈ ਵਿਚ ਮੈਰਾਥਨ ਵਿਚ ਦੌੜ ਰਹੇ ਸਨ। ਮੈਰਾਥਨ ਦਾ ਨਾਅਰਾ ਸੀ "ਪ੍ਰਾਊਡ ਟੂ ਬੀ ਏ ਏ ਇੰਡੀਅਨ - ਪ੍ਰਾਉਡ ਟੂ ਬੀ ਏ ਏ ਸਿੱਖ"। ਪ੍ਰੋਗਰਾਮ ਦੀ ਸਮਾਪਤੀ ਰੰਗਾਰੰਗ ਭੰਗੜੇ ਅਤੇ ਗਤਕੇ ਨਾਲ ਹੋਈ।