ਲਾਈਫ ਸਟਾਈਲ

ਬਾ-ਮਕਸਦ ਖਾਮੋਸ਼ੀ ਅਤੇ ਬਾ-ਮਕਸਦ ਬੋਲ

ਡਾ. ਅਰਵਿੰਦਰ ਸਿੰਘ ਭੱਲਾ/ਕੌਮੀ ਮਾਰਗ ਬਿਊਰੋ | January 12, 2024 12:33 PM

 

ਜੋ ਮਨੁੱਖ ਆਪਣੇ ਇਰਦ-ਗਿਰਦ ਦੇ ਹਾਲਾਤਾਂ,  ਵਿਪਰੀਤ ਪ੍ਰਸਥਿਤੀਆਂ ਅਤੇ ਦੂਸਰਿਆਂ ਦੇ ਨਾਕਾਰਾਤਮਕ ਖਿਆਲਾਂ ਤੇ ਢਹਿੰਦੀ ਕਲਾ ਵਾਲੀ ਬਿਰਤੀ ਨੂੰ ਆਪਣੇ ਜ਼ਿਹਨ ਉੱਪਰ ਭਾਰੂ ਨਹੀਂ ਹੋਣ ਦਿੰਦਾ ਹੈ,  ਉਹ ਯਕੀਨੀ ਤੌਰ ਉੱਪਰ ਇਕ ਨਾ ਇਕ ਦਿਨ ਆਪਣੀ ਜ਼ਿੰਦਗੀ ਵਿੱਚ ਮਨ ਚਾਹਿਆ ਮੁਕਾਮ ਹਾਸਲ ਕਰ ਲੈਂਦਾ ਹੈ। ਮਨੁੱਖ ਨੂੰ ਕਈ ਹਾਲਤਾਂ ਵਿੱਚ ਅੰਨਾ,  ਬੋਲਾ ਅਤੇ ਗੂੰਗਾ ਵੀ ਬਣ ਜਾਣਾ ਚਾਹੀਦਾ ਹੈ,  ਲੇਕਿਨ ਇਸ ਗੱਲ ਦਾ ਖਿਆਲ ਜ਼ਰੂਰ ਰਹੇ ਕਿ ਤੁਹਾਡੇ ਅੰਨੇ,  ਬੋਲੇ ਅਤੇ ਗੂੰਗੇ ਬਣਨ ਪਿੱਛੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਜਾਂ ਕੋਈ ਘਟੀਆ ਸੋਚ ਜਾਂ ਛੋਟੇ ਜਿਹੇ ਪੱਧਰ ਦਾ ਨਿਜੀ ਮੁਫ਼ਾਦ ਛੁਪਿਆ ਨਾ ਹੋਵੇ,  ਬਲਕਿ ਜਦੋਂ ਤੁਸੀਂ ਖਾਮੋਸ਼ ਹੋਵੋ,  ਜਦੋਂ ਕੁਝ ਨਾਗਵਾਰ ਦੇਖ ਕੇ ਵੀ ਬਹੁਤ ਕੁਝ ਦਰਗੁਜ਼ਰ ਕਰ ਰਹੇ ਹੋਵੋ ਜਾਂ ਮੰਦੇ ਸ਼ਬਦਾਂ ਨੂੰ ਸੁਣ ਕੇ ਵੀ ਨਜ਼ਰਅੰਦਾਜ਼ ਕਰ ਰਹੇ ਹੋਵੋ ਤਾਂ ਉਸ ਪਿੱਛੇ ਵੀ ਤੁਹਾਡਾ ਕੋਈ ਵੱਡਾ ਤੇ ਮੁਕੱਦਸ ਮਕਸਦ ਅਤੇ ਕੋਈ ਡੂੰਘੀ ਰਮਜ਼ ਹੋਣੀ ਚਾਹੀਦੀ ਹੈ। ਤੁਹਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਹਾਡੀ ਚੁੱਪ ਦੂਸਰਿਆਂ ਦੇ ਲੱਖਾਂ ਬੋਲਾਂ ਉੱਪਰ ਭਾਰੀ ਪਵੇ ਅਤੇ ਤੁਹਾਡੀ ਆਪਣੇ ਆਲੇ-ਦੁਆਲੇ ਪ੍ਰਤੀ ਬੇਨਿਆਜ਼ੀ ਤੇ ਬੇਪਰਵਾਹੀ ਬਾ-ਮਕਸਦ ਅਤੇ ਬੇਮਿਸਾਲ ਹੋਵੇ। ਜਦੋਂ ਤੁਸੀਂ ਬਾਹਰ ਦੇਖਣਾ ਬੰਦ ਕਰੋਗੇ ਤਾਂ ਤੁਹਾਨੂੰ ਆਪਣੇ ਅੰਦਰ ਝਾਕਦੇ ਹੋਏ ਉਹਨਾਂ ਪਰਤਾਂ ਤੋਂ ਵੀ ਪਰਦੇ ਉੱਠਦੇ ਹੋਏ ਦਿਖਾਈ ਦੇਣਗੇ,  ਜਿਨ੍ਹਾਂ ਉੱਪਰ ਦੁਨੀਆ ਦੇ ਸ਼ੋਰ,  ਤੁਹਾਡੀ ਜ਼ਹਾਲਤ ਅਤੇ ਤੁਹਾਡੇ ਤੰਗ ਨਜ਼ਰੀਏ ਤੇ ਹਿਰਸ ਨੇ ਪਰਦੇ ਪਾਏ ਹੁੰਦੇ ਹਨ।

ਦਰਅਸਲ ਜਦੋਂ ਮਨੁੱਖ ਆਪਣੇ ਸੋਹਣੇ ਰੱਬ ਨੂੰ ਹਾਜ਼ਰ ਨਾਜ਼ਰ ਹੋ ਕੇ ਮੁਖ਼ਾਤਬ ਹੋ ਕੇ ਬੋਲਦਾ ਹੈ ਜਾਂ ਫਿਰ ਜਦੋਂ ਕਦੇ ਵਕਤੀ ਤੌਰ ਉੱਪਰ ਖਾਮੋਸ਼ੀ ਅਖਤਿਆਰ ਕਰਦਾ ਹੈ,  ਜਦੋਂ ਉਹ ਉਸ ਨਿਰੰਕਾਰ ਦੀ ਰਜ਼ਾ ਵਿੱਚ ਦੁਨੀਆ ਦੇ ਫਿਕਰ ਛੱਡ ਕੇ ਬੇਪਰਵਾਹ ਹੋਕੇ ਵਿਚਰਦਾ ਹੈ ਅਤੇ ਜਦੋਂ ਕਦੇ ਉਹ ਆਪਣੇ ਆਸ-ਪਾਸ ਫ਼ਰੇਬ ਦੀ ਦੁਨੀਆ ਨੂੰ ਦੇਖਣ ਦਾ ਲਾਲਚ ਛੱਡ ਕੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਗਿਰੇਬਾਨ ਵਿਚ ਝਾਕਦਾ ਹੈ ਤਾਂ ਉਸ ਨੂੰ ਆਪਣੇ ਧੁਰ ਅੰਦਰੋਂ ਅਨਹਦ ਨਾਦ ਵੱਜਦਾ ਹੋਇਆ ਸੁਣਾਈ ਦੇਣ ਦੇ ਨਾਲ-ਨਾਲ ਕਾਇਨਾਤ ਦੇ ਹਰੇਕ ਜ਼ਰੇ ਵਿਚੋਂ ਉਸ ਸਿਰਜਣਹਾਰ ਦੀ ਝਲਕ ਵੀ ਦਿਖਾਈ ਦਿੰਦੀ ਹੈ। ਅਜਿਹੀ ਮਾਨਸਿਕ ਅਵਸਥਾ ਵਿੱਚ ਇਨਸਾਨ ਦੀ ਖਾਮੋਸ਼ੀ,  ਦੇਖ ਕੇ ਅਣਡਿੱਠ ਕਰਨ ਦਾ ਉਸ ਦਾ ਹੁਨਰ  ਅਤੇ ਆਪਣੀ ਜਾਂ ਲੋਕਾਂ ਦੀ ਹੋ ਰਹੀ ਨਿੰਦਾ ਵੱਲ ਧਿਆਨ ਨਾ ਦੇਣ ਦੀ ਉਸ ਦੀ ਕਲਾ ਅਖ਼ੀਰ ਵਿਚ ਉਸ ਪਰਵਦਗਾਰ ਦੇ ਦਰ ਉੱਪਰ ਕਬੂਲ ਪੈਂਦੀ ਹੈ। ਯਾਦ ਰੱਖੋ! ਜ਼ਮਾਨੇ ਨੂੰ ਇਹ ਕਦੇ ਤੈਅ ਨਾ ਕਰਨ ਦਿਉ ਕਿ ਤੁਹਾਡੇ ਲਈ ਕੀ ਬੋਲਣਾ,  ਦੇਖਣਾ,  ਸੁਣਨਾ ਆਦਿ ਬੇਹਤਰ ਹੈ। ਲੋਕਾਂ ਦੀ ਅਖੌਤੀ ਖੁਸ਼ੀ ਹਾਸਲ ਕਰਨਾ ਤੁਹਾਡੇ ਜੀਵਨ ਦਾ ਮਨੋਰਥ ਨਹੀਂ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਸੋਹਣਾ ਰੱਬ ਇਸ ਗੱਲ ਤੋਂ ਖੁਸ਼ ਰਹੇ ਕਿ ਤੁਸੀਂ ਉਸ ਦੀ ਰਜ਼ਾ ਵਿੱਚ ਚੱਲ ਰਹੇ ਹੋ ਤਾਂ ਫਿਰ ਤੁਹਾਡਾ ਬੋਲਣਾ ਜਾਂ ਖਾਮੋਸ਼ ਰਹਿਣਾ,  ਦੇਖਣਾ ਜਾਂ ਦੇਖ ਕੇ ਅਣਡਿੱਠ ਕਰਨਾ,  ਸੁਣਨਾ ਜਾਂ ਫਿਰ ਸੁਣ ਕੇ ਵੀ ਕੋਈ ਨਾਕਾਰਾਤਮਿਕ ਅਸਰ ਕਬੂਲ ਨਾ ਕਰਨਾ ਆਦਿ ਸਭ ਉਸ ਦੀ ਦਰਗਾਹ ਉੱਪਰ ਕਬੂਲ ਹੋਏਗਾ ।

ਹਮੇਸ਼ਾ ਜ਼ਿੰਦਗੀ ਵਿਚ ਕਿਸੇ ਵੀ ਵਰਤਾਰੇ ਨੂੰ ਦੇਖ ਕੇ ਕੋਈ ਪ੍ਰਤੀਕਿਿਰਆ ਦਿੰਦੇ ਹੋਏ ਜਾਂ ਕਿਸੇ ਇਨਸਾਨ ਨਾਲ ਮਿਲਦੇ,  ਵਰਤਦੇ ਜਾਂ ਵਿਚਾਰ ਸਾਂਝੇ ਕਰਦੇ ਹੁੰਦੇ ਹੋਏ ਤੁਸੀਂ ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਤੁਹਾਡੇ ਬੋਲਾਂ ਤੋਂ,  ਤੁਹਾਡੀ ਖਾਮੋਸ਼ੀ ਤੋ,  ਤੁਹਾਡੀ ਬੇਪਰਵਾਹੀ ਤੋਂ ਅਤੇ ਤੁਹਾਡੇ ਕਿਸੇ ਤਲਖ਼ ਤਜ਼ਰਬੇ ਦੇ ਕੌੜੇ ਘੁੱਟ ਨੂੰ ਪੀਣ ਦੀ ਸਮਰੱਥਾ ਤੋਂ ਇਹ  ਤੈਅ ਹੋਵੇਗਾ ਕਿ ਤੁਸੀਂ ਆਪਣੇ ਖ਼ਾਲਕ ਤੋਂ ਕਿੰਨਾ ਨੇੜੇ ਜਾਂ ਕਿੰਨਾ ਦੂਰ ਹੋ ਅਤੇ ਇਹ ਵੀ ਤੈਅ ਹੋਵੇਗਾ ਕਿ ਤੁਹਾਡੇ ਜੀਵਨ ਰੂਪੀ ਕਿਸ਼ਤੀ ਦਾ ਮਲਾਹ ਉਹ ਖ਼ਾਲਕ ਹੈ ਜਾਂ ਤੁਹਾਡਾ ਚੰਚਲ ਮਨ ਹੈ। ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਰੋਸ਼ਨ ਦਿਮਾਗ ਸ਼ਖਸ ਮੌਨ ਉਸ ਸਮੇਂ ਧਾਰਨ ਕਰਦਾ ਹੈ,  ਜਦੋਂ ਉਸ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਉਸ ਨੂੰ ਸਹਿਜੇ ਹੀ ਇਸ ਗੱਲ ਦਾ ਯਕੀਨ ਹੋ ਜਾਵੇ ਕਿ ਸੱਚਾ ਗਿਆਨ ਖਾਮੋਸ਼ੀ ਵਿੱਚ ਛੁਪਿਆ ਹੁੰਦਾ ਹੈ ਅਤੇ ਉਹ ਇਹ ਵੀ ਸਵੀਕਾਰ ਕਰ ਲਵੇ ਕਿ ਸਫ਼ਲ ਜੀਵਨ ਦੀ ਅਸਲੀ ਨਿਸ਼ਾਨੀ ਇਹ ਹੀ ਹੈ ਕਿ ਵਿਅਕਤੀ ਦੇ ਸਾਰੇ ਸ਼ੰਕੇ,  ਤੌਖਲੇ ਅਤੇ ਸਵਾਲ ਮੁੱਕ ਜਾਣ,  ਇਨਸਾਨ  ਸਵਾਲਾਂ ਦੀ ਕੈਦ ਤੋਂ ਬਾਹਰ ਆਕੇ ਇਲਾਹੀ ਨੂਰ ਦੀ ਰੌਸ਼ਨੀ ਵਿਚ ਸਹਿਜ ਵਿਚ ਜਿਉਣਾ ਸਿੱਖ ਕੇ  ਆਪਣੇ ਅੰਦਰਲੇ ਸ਼ੋਰ ਦੇ ਸ਼ਾਂਤ ਹੋਣ ਪਿਛੋਂ ਨਿਰਛਲ ਅਤੇ ਨਿਰਸਵਾਰਥ ਰਹਿੰਦਿਆਂ ਭੋਲੇਪਨ ਵਿਚ ਆਪਣੇ ਜੀਵਨ ਨੂੰ ਰੁਮਕਦੀਆਂ ਪੌਣਾਂ ਅਤੇ ਸ਼ਾਂਤ ਜਲਧਾਰਾ ਵਾਂਗ ਵਹਿੰਦੇ ਹੋਏ ਆਪਣੇ ਆਸ ਪਾਸ ਦੇ ਲੋਕਾਂ ਦੇ ਹੰਝੂ ਪੂੰਝਦੇ,  ਸੁੱਖ-ਦੁੱਖ ਵੰਡਾਉਂਦਿਆਂ ਲੋਕਾਂ ਦੇ ਜ਼ਖ਼ਮਾਂ ਨੂੰ ਨਾਸੂਰ ਬਣਨ ਤੋਂ ਰੋਕੇ ਅਤੇ ਅਨਹਦ ਨਾਦ ਦੀ ਗੂੰਜ ਨੂੰ ਆਪਣੇ ਧੁਰ ਅੰਦਰੋਂ ਸੁਣਦਾ ਹੋਇਆ ਇਸ ਸੰਸਾਰ ਤੋਂ ਰੁਖਸਤ ਹੋਣ ਤੋਂ ਪਹਿਲਾਂ ਕੋਈ ਅਜਿਹੀ ਅਮਿੱਟ ਛਾਪ ਬਣ ਕੇ ਇਸ ਤਰਾਂ ਛੱਡ ਜਾਣ ਦਾ ਯਤਨ ਕਰੇ ਕਿ ਉਸ ਦੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਉਹ ਲੋਕਾਂ ਦੀਆਂ ਖੁਸ਼ਗਵਾਰ ਯਾਦਾਂ ਦਾ ਹਿੱਸਾ ਬਣ ਕੇ ਉਹਨਾਂ ਦੇ ਹਰ ਸਵਾਲ ਦਾ ਜਵਾਬ ਬਣ ਜਾਏ ਅਤੇ ਉਸ ਦੀ ਜੀਵਨ ਜਾਚ ਹੋਰਨਾਂ ਲਈ ਸਫਲ ਜੀਵਨ ਦਾ ਪੈਮਾਨਾ ਬਣ ਜਾਵੇ।

ਇਨਸਾਨ ਨੂੰ ਜ਼ਿੰਦਗੀ ਵਿਚ ਬੇਲੋੜੇ ਬਹਿਸ-ਮੁਬਾਹਾਸੇ,  ਵਾਦ-ਵਿਵਾਦ ਅਤੇ ਤਕਰਾਰਬਾਜ਼ੀ ਤੋਂ ਜਿੰਨਾ ਸੰਭਵ ਹੋ ਸਕੇ ਤਾਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਗੱਲ ਦੇ ਗ਼ੁਮਾਨ ਤੋਂ ਖੁਦ ਨੂੰ ਮੁਕਤ ਕਰਨਾ ਚਾਹੀਦਾ ਕਿ ਉਸ ਦੇ ਤੂਣੀਰ ਵਿਚ ਤਰਕ ਦੇ ਤੀਰ ਬਹੁਤ ਹਨ। ਜੇਕਰ ਦੇਖਿਆ ਜਾਵੇ ਤਾਂ ਹਰੇਕ ਇਨਸਾਨ ਬੁਨਿਆਦੀ ਤੌਰ ਉੱਪਰ ਇਸ ਗ਼ਲਤਫਹਿਮੀ ਦਾ ਸ਼ਿਕਾਰ ਹੈ ਕਿ ਉਹ ਦਲੀਲ ਦੇ ਜ਼ੋਰ ਨਾਲ ਹਰੇਕ ਨੂੰ ਸ਼ਿਕਸਤ ਦੇ ਸਕਦਾ ਹੈ। ਯਾਦ ਰਹੇ ਕਿ ਜੇਕਰ ਤੁਸੀਂ ਅਪਣਿਆਂ ਅਤੇ ਬੇਗਾਨਿਆਂ ਨਾਲ ਫਜ਼ੂਲ ਦੀ ਝੱਖ ਮਾਰਨ ਦੀ ਆਪਣੀ ਆਦਤ ਉੱਪਰ ਸਮੇਂ ਸਿਰ ਕਾਬੂ ਨਾ ਪਾਇਆ ਤਾਂ ਜ਼ਿੰਦਗੀ ਦੇ ਅਨਮੋਲ ਰਿਸ਼ਤਿਆਂ ਨੂੰ ਆਪਣੇ ਤਰਕ ਦੇ ਤਿੱਖੇ ਅਤੇ ਬੇਲਿਹਾਜ਼ ਤੀਰਾਂ ਨਾਲ ਵਿੰਨ੍ਹਦੇ ਹੋਏ ਇਕ ਦਿਨ ਤੁਸੀਂ ਆਪਣੇ ਆਪ ਨੂੰ ਲੋਕਾਂ ਦੀ ਭੀੜ ਵਿਚ ਤਨਹਾ ਅਤੇ ਅਲੱਗ-ਥਲੱਗ ਮਹਿਸੂਸ ਕਰੋਗੇ। ਜੇਕਰ ਹੋ ਸਕੇ ਤਾਂ ਤੁਸੀਂ ਖਾਮੋਸ਼ ਰਹਿਣ ਦੀ ਕਲਾ ਸਿੱਖੋ,  ਤੁਸੀਂ ਉਸ ਵੇਲੇ ਬੋਲੋ ਜਦੋਂ ਤੁਹਾਨੂੰ ਆਪਣੇ ਧੁਰ ਅੰਦਰੋਂ ਇਹ ਯਕੀਨ ਹੋਵੇ ਕਿ ਤੁਹਾਡੇ ਬੋਲ ਤੁਹਾਡੇ ਮੌਨ ਤੋਂ ਬੇਹਤਰ ਹਨ। ਜ਼ਿੰਦਗੀ ਵਿਚ ਕਈ ਵਾਰ ਉਚਿਤ ਸਮੇਂ ਉੱਪਰ ਤੁਹਾਡੇ ਮੂੰਹੋਂ ਨਿਕਲੇ ਉਚਿਤ ਸ਼ਬਦ ਅਤੇ ਕਈ ਵਾਰ ਸਹੀ ਮੌਕੇ ਉੱਪਰ ਤੁਹਾਡੇ ਵੱਲੋਂ ਧਾਰਨ ਕੀਤੀ ਗਈ ਖਾਮੋਸ਼ੀ ਤੁਹਾਡੇ ਲਈ ਤੁਹਾਡੀ ਮੁਕਤੀ ਦਾ ਦਰ ਖੋਲ ਸਕਦੀ ਹੈ ਅਤੇ ਪਗਡੰਡੀਆਂ ਤੋਂ ਸ਼ਾਹਰਾਹ ਤੱਕ ਦੇ ਤੁਹਾਡੇ ਸਫ਼ਰ ਨੂੰ ਆਸਾਨ ਬਣਾ ਸਕਦੀ ਹੈ। ਆਪਣੇ ਬੋਲਾਂ ਨੂੰ ਲੋਕਾਂ ਦੇ ਅਲ੍ਹੇ ਜ਼ਖਮਾਂ ਨੂੰ ਰਾਹਤ ਪਹੁੰਚਾਉਣ ਵਾਲੀ ਮਲ੍ਹਮ ਬਣਾਉਣ ਦਾ ਯਤਨ ਕਰੋ ਅਤੇ ਕੋਸ਼ਿਸ਼ ਕਰੋ ਕਿ ਤੁਹਾਡੇ ਬੋਲ ਕਦੇ ਵੀ ਨਸ਼ਤਰ ਬਣਕੇ ਕਿਸੇ ਦੇ ਜ਼ਖਮਾਂ ਨੂੰ ਨਾਸੂਰ ਨਾ ਬਣਾਉਣ। ਇਸ ਗੱਲ ਨੂੰ ਆਪਣੇ ਜ਼ਿਹਨ ਵਿਚ ਹਮੇਸ਼ਾ ਰੱਖੋ ਕਿ ਤੁਹਾਡੇ ਵੱਲੋਂ ਉਚਾਰਿਆ ਹਰ ਵਾਕ ਜਾਂ ਤੁਹਾਡੇ ਵਲੋਂ ਵਕਤੀ ਤੌਰ ਉੱਪਰ ਧਾਰਨ ਕੀਤੀ ਗਈ ਖਾਮੋਸ਼ੀ ਕਦੇ ਵੀ ਬੇਅਰਥ,  ਬੇਅਸਰ ਅਤੇ ਬੇਸਬੱਬ ਨਹੀਂ ਹੋਣੀ ਚਾਹੀਦੀ ਹੈ।

 

 

Have something to say? Post your comment

 

ਲਾਈਫ ਸਟਾਈਲ

ਸੀਪੀ67 ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਪ੍ਰੇਰਣਾਦਾਇਕ ਪੋਜ਼

2 ਦਿਨਾਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਉੱਤਰੀ ਰਾਜਾਂ ਨੂੰ 

ਲੂ ਤੋਂ ਬੱਚਣ ਲਈ ਨਾਗਰਿਕ ਵਰਤਣ ਵਿਸ਼ੇਸ਼ ਸਾਵਧਾਨੀ

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੀਟ ਵੇਵ ਤੋਂ ਬਚਾਅ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ: ਸਿਵਲ ਸਰਜਨ ਡਾ. ਕਿਰਪਾਲ ਸਿੰਘ 

ਲੂ ਤੋਂ ਬਚਾਅ ਲਈ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਜ਼ਿਲ੍ਹਾ ਵਾਸੀ: ਡਿਪਟੀ ਕਮਿਸ਼ਨਰ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਨਵਜੋਤਪਾਲ ਸਿੰਘ ਭੁੱਲਰ  

ਹੋਲੀ ਦੇ ਖੁਸ਼ੀਆਂ ਭਰੇ ਜਸ਼ਨਾਂ ਦੇ ਦੌਰਾਨ ਸਿਹਤ ਸੁਰੱਖਿਆ ਨੂੰ ਤਰਜੀਹ ਦੇਣਾ ਮਹੱਤਵਪੂਰਨ

ਕੋਵਿਡ ਤੋਂ ਬਾਅਦ ਟ੍ਰਾਈਸਿਟੀ ਵਿੱਚ ਸ਼ੁਰੂ ਹੋਈ ਸਿਹਤ ਵਾਲੀ ਦੀਵਾਲੀ ਲੈਣ ਦੇਣ ਵਾਲੇ ਗਿਫਟਾਂ ਦੀ ਤਰਜੀਹ ਵੀ ਬਦਲੀ-ਹਰਪ੍ਰੀਤ ਕੌਰ

ਸਿੱਖ ਮਿਨੀਏਚਰ ਪੇਂਟਿੰਗਜ਼ - ਇਕ ਖੋਜ ਦੀ ਯਾਤਰਾ

ਮਿਜ਼ੋਰੰਮ ਦੇ ਰਾਜਪਾਲ ਡਾ. ਕੰਬਾਹਪਤੀ ਵਲੋਂ ਸਾਇੰਸ ਸਿਟੀ ਕਪੂਰਥਲਾ ਦਾ ਦੌਰਾ