ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 421ਵਾਂ ਪ੍ਰਕਾਸ਼ ਪੁਰਬ 4 ਸਤੰਬਰ (ਬੁੱਧਵਾਰ) ਨੂੰ ਸਾਕਚੀ ਗੁਰਦੁਆਰਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਕਚੀ ਦੇ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਨੇ ਐਤਵਾਰ ਨੂੰ ਮੀਟਿੰਗ ਕਰਕੇ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਪ੍ਰਕਾਸ਼ ਦਿਹਾੜੇ ਤੋਂ ਤਿੰਨ ਦਿਨ ਪਹਿਲਾਂ 1 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮਾਂ ਅਨੁਸਾਰ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਵੇਗਾ ਜੋ ਬਸੰਤੀ ਰੰਗ ਦਾ ਹੋਵੇਗਾ। 2 ਸਤੰਬਰ ਨੂੰ ਅਖੰਡ ਪਾਠ ਅਰੰਭ ਹੋਵੇਗਾ, ਜਿਸ ਦੀ ਸਮਾਪਤੀ 4 ਸਤੰਬਰ ਨੂੰ ਹੋਵੇਗੀ, ਉਪਰੰਤ ਭਾਈ ਸਹਿਬ, ਭਾਈ ਸੰਦੀਪ ਸਿੰਘ ਜੀ ਜਵੱਦੀ (ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਸਾਹਿਬ ਸਾਕਚੀ) ਅਤੇ ਗੁਰਪ੍ਰੀਤ ਸਿੰਘ ਨਿੱਕੂ ਕੀਰਤਨ ਕਰਨਗੇ |
ਸਤਿਸੰਗ ਸਭਾ ਅਤੇ ਸੁਖਮਨੀ ਸਾਹਿਬ ਜਥੇ ਵੱਲੋਂ ਸ਼ਬਦ ਕੀਰਤਨ ਗਾਇਨ ਵੀ ਕੀਤਾ ਜਾਵੇਗਾ। ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਕਚੀ, ਸਤਿਸੰਗ ਸਭਾ ਅਤੇ ਸੁਖਮਨੀ ਸਾਹਿਬ ਜਥੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਵਰਨਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ 30 ਅਗਸਤ 1604 ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਇਆ ਸੀ। ਇਸ ਦਿਨ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦਾ ਆਯੋਜਨ ਕੀਤਾ ਸੀ। ਗੁਰੂ ਅਰਜਨ ਦੇਵ ਜੀ ਨੇ 1603 ਵਿਚ ਭਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਲਿਖਣ ਦਾ ਕੰਮ ਸ਼ੁਰੂ ਕਰਵਾਇਆ ਸੀ, ਜੋ 1604 ਵਿਚ ਸੰਪੂਰਨ ਹੋਇਆ। ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਤ ਗੁਰੂ ਮੰਨਿਆ ਜਾਂਦਾ ਹੈ। ਇਹ ਕੇਵਲ ਸਿੱਖਾਂ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਆਦਰਸ਼ ਅਤੇ ਮਾਰਗ ਦਰਸ਼ਕ ਹੈ।