ਨੈਸ਼ਨਲ

ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | September 12, 2024 10:06 PM


ਅੰਮ੍ਰਿਤਸਰ- ਅੱਜ ਜਦੋਂ ਵੀ ਟੀ. ਵੀ. ਜਾਂ ਨਿਊਜ਼ ਚੈਨਲ ਲਗਾਈਏ ਤਾਂ ਨਸ਼ਿਆਂ, ਲੁੱਟਾਂ-ਖੋਹਾਂ ਜਾਂ ਫ਼ਿਰ ਕਤਲੋਂ-ਗਾਰਤ ਨਾਲ ਸਬੰਧਿਤ ਖ਼ਬਰਾਂ ਵੇਖਣ, ਸੁਣਨ ਨੂੰ ਮਿਲਦੀਆਂ ਹਨ, ਜੋ ਕਿ ਅਜੋਕੇ ਸਮੇਂ ਦੀ ਬਹੁਤ ਵੱਡੀ ਫ਼ਿਕਰ ਵਾਲੀ ਗੱਲ ਹੈ। ਕੋਈ ਵੇਲਾ ਹੁੰਦਾ ਸੀ, ਜਦੋਂ ਆਖਿਆ ਜਾਂਦਾ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ’ਤੇ। ਪੰਜਾਬੀਆਂ ਦੇ ਕਿਰਦਾਰ ਦੀ ਮਿਸਾਲ ਦਿੰਦਿਆਂ ਕਿਹਾ ਜਾਂਦਾ ਸੀ ਕਿਧਰੇ ਕੋਈ ਪੱਗ ਵਾਲਾ ਜਾਂ ਕੋਈ ਪੰਜਾਬੀ ਖੜ੍ਹਾ ਹੁੰਦਾ ਸੀ ਤਾਂ ਧੀਆਂ-ਭੈਣਾਂ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਸੀ।

ਇਹ ਪ੍ਰਗਟਾਵਾ ਅੱਜ ਖਾਲਸਾ ਕਾਲਜ ਦੇ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਪੈਣ ਉਪਰੰਤ ਭਾਈ ਸੁੰਦਰ ਸਿੰਘ ਮਜੀਠੀਆ ਹਾਲ ਮੂਹਰੇ ਖੁੱਲ੍ਹੇ ਵਿਹੜੇ ’ਚ ਅੱਜ ਸਜਾਏ ਗਏ ਧਾਰਮਿਕ ਦੀਵਾਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਕੀਤਾ। ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ ਸਾਲ 2024-25 ਦੀ ਸ਼ੁਰੂਆਤ ਸਬੰਧੀ ‘ਆਰਭਿੰਕ ਅਰਦਾਸ ਦਿਵਸ’ ਮੌਕੇ ਸਿੰਘ ਸਾਹਿਬ ਤੋਂ ਇਲਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਗੁਰੂ ਚਰਨਾਂ ’ਚ ਹਾਜ਼ਰੀ ਲਗਈ।

ਇਸ ਮੌਕੇ ਸਿੰਘ ਸਾਹਿਬ ਨੇ ਪੰਜਾਬ ਦੇ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਅਤੇ ਨਿੱਤ ਵਾਪਰ ਰਹੀਆਂ ਘਟਨਾਵਾਂ ’ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਇਹ ਸਾਡਾ ਕਿਰਦਾਰ ਜਾਂ ਫ਼ਿਰ ਸੱਭਿਆਚਾਰ ਨਹੀਂ ਕਿ ਇਸ ਕਦਰ ਨੀਵੇਂ ਪੱਧਰ ’ਤੇ ਜਾ ਕੇ ਆਪਣੇ ਸਮਾਜ ਨੂੰ ਗੰਦਲਾ ਕਰੀਏ। ਉਨ੍ਹਾਂ ਮਨੁੱਖਤਾ ’ਚ ਖ਼ਤਮ ਹੁੰਦੀ ਜਾ ਰਹੀ ਸਹਿਨਸ਼ੀਲਤਾ ’ਤੇ ਫ਼ਿਕਰ ਕਰਦਿਆਂ ਕਿਹਾ ਕਿ ਅਰਦਾਸ ਕਰਕੇ ਗੁਰੂ ਚਰਨਾਂ ’ਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਬੱਚਿਆਂ ’ਤੇ ਪ੍ਰਮਾਤਮਾ ਆਪਣਾ ਮੇਹਰ ਭਰਿਆ ਹੱਥ ਰੱਖਣ। ਜਿੱਥੇ ਤੁਸੀ ਆਪਣੇ ਪਰਿਵਾਰ ਦਾ, ਪੰਜਾਬ ਦਾ ਭਵਿੱਖ ਹੋ, ਉਥੇ ਤੁਸੀ ਪੰਥ ਦਾ ਵੀ ਭਵਿੱਖ ਹੋ, ਤੁਸੀ ਪੰਥ ਹੋ। ਪੰਥ ਦੀਆਂ ਵੱਡੀਆਂ ਸੇਵਾਦਾਰੀਆਂ, ਜ਼ਿੰਮੇਵਾਰੀਆਂ ਅੱਗੇ ਜਾ ਕੇ ਤੁਸਾਂ ਨੇ ਸੰਭਾਲਣੀਆਂ ਹਨ, ਜੇਕਰ ਸਾਡਾ ਵਰਤਾਰਾ ਲੁੱਟਾਂ-ਖੋਹਾਂ, ਅਸਹਿਨਸ਼ੀਲਤਾ, ਗੁਰਮਤਿ, ਕਦਰਾਂ-ਕੀਮਤਾਂ, ਸੱਭਿਆਚਾਰ ਅਤੇ ਮਾਤਭਾਸ਼ਾ ਤੋਂ ਦੂਰ ਜਾਣ ਵਾਲਾ ਬਣ ਗਿਆ ਤਾਂ ਪੰਥ ਦੀ ਵਾਂਗਡੋਰ ਅਤੇ ਸੇਵਾ ਕਿਸ ਨੇ ਸੰਭਾਲਣੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਖਾਲਸਾ ਕਾਲਜ ਮਹਾਨ ਵਿੱਦਿਅਕ ਸੰਸਥਾ ਦੱਸਦਿਆਂ ਇੱਥੋਂ ਪੜ੍ਹ ਕੇ ਵੱਖ-ਵੱਖ ਅਹੁੱਦਿਆਂ ’ਤੇ ਬਿਰਾਜਮਾਨ ਹੋ ਕੇ ਦੇਸ਼, ਕੌਮ ਅਤੇ ਸਮਾਜ ਸੇਵਾ ਦੇ ਨਾਲ-ਨਾਲ ਸਿੱਖ ਇਤਿਹਾਸ, ਸਿੱਖੀ ਦੀ ਪਛਾਣ, ਵਿਰਸੇ ਨੂੰ ਜਿਉਂਦਾ ਰੱਖਣ ਅਤੇ ਪੰਥ ਦੀ ਸੇਵਾ ਨਿਭਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਗੁਰਬਾਣੀ ਕੀਰਤਨ ਗੁਰਮਤਿ ਸਟੱਡੀ ਸੈਂਟਰ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ। ਜਿਨ੍ਹਾਂ ਦੌਰਾਨ ਰੱਬੀ ਬਾਣੀ ਦਾ ਇਲਾਹੀ ਕੀਰਤਨ ਸੁਣਾਕੇ ਰੂਹਾਨੀ ਮਾਹੌਲ ਸਿਰਜਿਆ ਅਤੇ ਇਸ ਮੌਕੇ ਕਾਲਜ ਗੁਰਦੁਆਰਾ ਸਾਹਿਬ ਜੀ ਦੇ ਪਾਠੀ ਭਾਈ ਹਰਪ੍ਰੀਤ ਸਿੰਘ ਨੇ ਅਰਦਾਸ ਕੀਤੀ।

ਇਸ ਮੌਕੇ ਸ: ਛੀਨਾ ਨੇ ਵਿਦਿਆਰਥੀਆਂ ਨੂੰ ਜੀਵਨ ਦੀ ਹਰੇਕ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਕ ਕਾਬਿਲ ਵਿਦਿਆਰਥੀ ਹੀ ਦੇਸ਼ ਅਤੇ ਸਮਾਜ ’ਚ ਬਦਲਾਅ ਲਿਆਉਂਦਾ ਹੈ। ਉਨ੍ਹਾਂ ਕਾਲਜ ਦੀ ਆਰੰਭਤਾ ਅਰਦਾਸ ਸਬੰਧੀ ਚਿਰਾਂ ਤੋਂ ਚੱਲੀ ਆ ਰਹੀ ਪ੍ਰੰਪਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਓਟ ਆਸਰੇ ਬਗੈਰ ਕੋਈ ਵੀ ਕਾਰਜ ਸੰਭਵ ਨਹੀਂ ਹੈ। ਇਸ ਲਈ ਪ੍ਰਮਾਤਮਾ ਦਾ ਆਸਰਾ ਲੈਂਦਿਆਂ ਇਸ ਸੰਸਥਾ ’ਚ ਵਿੱਦਿਆ ਹਾਸਲ ਕਰਨ ਵਾਲੇ ਹਰੇਕ ਵਿਦਿਆਰਥੀਆਂ ਦੀ ਸਫ਼ਲਤਾ ਤੇ ਤਰੱਕੀ ਦੀ ਕਾਮਨਾ ਕੀਤੀ ਜਾਂਦੀ ਹੈ ਤਾਂ ਜੋ ਉਹ ਇੱਥੋਂ ਪੜ੍ਹ ਕੇ ਸਮਾਜ, ਦੇਸ਼ ਅਤੇ ਕੌਮ ਦੀ ਸੇਵਾ ਜਿੰਮੇਵਾਰੀ ਨਾਲ ਨਿਭਾਅ ਸਕੇ। ਉਨ੍ਹਾਂ ਪੰਜਾਬ ’ਚ ਵੱਧ ਰਹੀਆਂ ਅਪਰਾਧਿਕ, ਨਸ਼ਾ, ਲੁੱਟਾਂ ਖੋਹਾਂ, ਚੋਰੀ ਆਦਿ ਵਰਗੀਆਂ ਘਟਨਾਵਾਂ ’ਤੇ ਵੀ ਚਿੰਤਾ ਜਾਹਿਰ ਕੀਤੀ।

ਇਸ ਮੌਕੇ ਸਿੰਘ ਸਾਹਿਬ ਨੇ ਸ: ਛੀਨਾ, ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਵੱਖ-ਵੱਖ ਧਾਰਮਿਕ ਪ੍ਰੀਖਿਆਵਾਂ ’ਚ ਸ਼ਾਨਦਾਰ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਾਲਜ ਦੀਆਂ ਉਪਲਬੱਧੀਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਵਿਦਿਆਰਥੀ ਵਿੱਦਿਆ ਦੇ ਨਾਲ ਖੇਡਾਂ, ਸੱਭਿਆਚਾਰਕ ਆਦਿ ਗਤੀਵਿਧੀਆਂ ਨਾਲ ਕਾਲਜ ਦਾ ਚੁਫ਼ੇਰੇ ਨਾਮ ਰੌਸ਼ਨਾ ਰਹੇ ਹਨ।

ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸੰਤੋਖ ਸਿੰਘ ਸੇਠੀ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਸ: ਸਰਬਜੀਤ ਸਿੰਘ ਹੁਸ਼ਿਆਰ ਨਗਰ, ਸ੍ਰੀਮਤੀ ਰਮਿੰਦਰ ਕੌਰ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ. ਟੀ. ਰੋਡ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ, ਸ: ਮੇਜ਼ਰ ਸਿੰਘ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਸਮੂਹ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ।

Have something to say? Post your comment

 

ਨੈਸ਼ਨਲ

ਆਗਰਾ ਕੋਰਟ 'ਚ ਕੰਗਨਾ ਰਣੌਤ ਖਿਲਾਫ ਦੇਸ਼ ਧ੍ਰੋਹ ਤੇ ਅਪਮਾਨ ਮਾਮਲੇ ਦੀ ਅਗਲੀ ਸੁਣਵਾਈ 25 ਸੰਤਬਰ ਨੂੰ

ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀ ਅਤੇ ਹੋਰ ਬੰਦੀ ਸਿੰਘਾਂ ਨੂੰ ਮੁਕਤਸਰ ਜੇਲ੍ਹ ਪ੍ਰਸ਼ਾਸ਼ਨ ਵਲੋਂ ਕੇਸਾਂ ਦੀਆਂ ਤਰੀਕਾ ਤੇ ਨਹੀਂ ਕੀਤਾ ਜਾ ਰਿਹਾ ਪੇਸ਼

ਸੰਤ ਭਿੰਡਰਾਂਵਾਲਿਆਂ ਨੂੰ “ਅਤਿਵਾਦੀ” ਦੱਸ ਕੇ, ਦੇਸ਼ ਅੰਦਰ ਭੜਕਾਹਟ ਪੈਦਾ ਕਰ ਰਹੀ ਹੈ ਕੰਗਨਾ ਰਨੌਤ: ਰਮਨਦੀਪ ਸਿੰਘ ਸੋਨੂੰ

ਈ ਬੇਅ ਕੰਪਨੀ ਵਲੋਂ ਕੈਪ ਉਪਰ ਖੰਡਾ ਛਪਵਾ ਕੇ ਵੇਚਣ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਜਾ ਰਹੀ ਠੇਸ, ਵਕੀਲ ਨੀਨਾ ਸਿੰਘ ਨੇ ਭੇਜਿਆ ਨੌਟਿਸ

ਕੇਜਰੀਵਾਲ ਨੇ ਛਡਿਆ ਦਿੱਲੀ ਦੇ ਮੁੱਖਮੰਤਰੀ ਦਾ ਓਹਦਾ, ਆਤੀਸ਼ੀ ਬਣੀ ਦਿੱਲੀ ਦੀ ਤੀਜੀ ਮਹਿਲਾ ਮੁੱਖਮੰਤਰੀ

ਭਗਵਾਨ ਸਿੰਘ ਦੀ ਜਿੱਤ ਦਾ ਇਕ ਹੋਰ ਖਿਤਾਬ, ਸੀਜੀਪੀਸੀ ਦੱਖਣੀ ਬਿਹਾਰ ਦੀ ਸੀਟ ਬਚਾਉਣ 'ਚ ਕਾਮਯਾਬ

ਹਿਮਾਚਲ ਵਿਚ ਬਹੁਗਿਣਤੀ ਵੱਲੋਂ ‘ਮਸਜਿਦ’ ਦੇ ਮੁੱਦੇ ਉਤੇ ਭੜਕਾਊ ਕਾਰਵਾਈ ਕਰਨ ਵਾਲਿਆ ਨਾਲ ਸਖ਼ਤੀ ਨਾਲ ਨਿਪਟਣਾ ਜਰੂਰੀ : ਮਾਨ

ਤਖਤ ਹਜ਼ੂਰ ਸਾਹਿਬ ਜੀ ਦੇ ਮੀਤ ਜੱਥੇਦਾਰ ਨੇ ਸਿੱਖ ਐਜੂਕੇਸ਼ਨ ਰੋਡਮੈਪ 2030 ਦੇ ਵਿਚਾਰ-ਵਟਾਂਦਰੇ ਦੀ ਮੀਟਿੰਗ ਵਿਚ ਭਰੀ ਹਾਜ਼ਿਰੀ, ਕੀਤੀ ਸ਼ਲਾਘਾ

ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਤਖਤ ਪਟਨਾ ਸਾਹਿਬ ਵਿੱਚ ਸਨਮਾਨ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿੰਨ ਮਹੀਨਿਆਂ ਵਿੱਚ ਕੀਤੀ ਜਾਵੇਗੀ ਤਿਆਰ