ਨਵੀਂ ਦਿੱਲੀ - ਮੁਕਤਸਰ ਸਾਹਿਬ ਦੀ ਜੇਲ੍ਹ ਅੰਦਰ ਬੰਦ ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀ ਅਤੇ ਹੋਰ ਬੰਦੀ ਸਿੰਘਾਂ ਨੂੰ ਜੇਲ੍ਹ ਪ੍ਰਸ਼ਾਸ਼ਨ ਵਲੋਂ ਵੱਖ ਵੱਖ ਅਦਾਲਤ ਅੰਦਰ ਉਨ੍ਹਾਂ ਤੇ ਚਲ ਰਹੇ ਕੇਸਾਂ ਦੀਆਂ ਤਰੀਕਾ ਤੇ ਪੇਸ਼ ਨਹੀਂ ਕੀਤਾ ਜਾ ਰਿਹਾ ਹੈ । ਪਰਿਵਾਰਿਕ ਮੁਲਾਕਾਤ ਦੌਰਾਨ ਭਾਈ ਖਾਨਪੁਰੀ ਨੇ ਦਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਉਨ੍ਹਾਂ ਨੂੰ ਰੋਜ਼ਾਨਾ ਗੁਰੂਘਰ ਅੰਦਰ ਨਹੀਂ ਜਾਣ ਦੇਂਦੇ ਹਨ ਤੇ ਨਾ ਹੀ ਗੁਰਬਾਣੀ ਸੂਣਨ ਪੜਨ ਲਈ ਕੌਈ ਸਾਧਨ ਨਹੀਂ ਦੇ ਰਹੇ ਹਨ ਜੋ ਕਿ ਕੈਦੀ ਦੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ । ਉਨ੍ਹਾਂ ਦੇ ਪਰਿਵਾਰਿਕ ਮੈਂਬਰ ਨੇ ਦਸਿਆ ਕਿ ਭਾਈ ਖਾਨਪੁਰੀ ਦੀ ਅਜ ਮੋਹਾਲੀ ਅਤੇ ਪਟਿਆਲਾ ਅਦਾਲਤ ਪੇਸ਼ੀ ਸੀ ਪਰ ਜੇਲ੍ਹ ਪ੍ਰਸ਼ਾਸ਼ਨ ਵਲੋਂ "ਨਾ ਤਾਂ ਨਿੱਜੀ ਤੌਰ ਤੇ" ਅਤੇ, "ਨਾ ਹੀ ਵੀਡੀਓ ਕਾਨਫਰੰਸ ਰਾਹੀਂ" ਅਦਾਲਤ ਅੰਦਰ ਪੇਸ਼ ਕੀਤਾ ਗਿਆ ਸੀ, ਜਦੋ ਇਸ ਬਾਰੇ ਭਾਈ ਖਾਨਪੁਰੀ ਨੇ ਜੇਲ੍ਹ ਪ੍ਰਸ਼ਾਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਲੋਂ ਭੱਦਾ ਜੁਆਬ ਦਿੱਤਾ ਗਿਆ ਸੀ । ਉਨ੍ਹਾਂ ਕਿਹਾ ਕਿ ਜਦੋ ਬੰਦੀ ਸਿੰਘਾਂ ਨੂੰ ਅਦਾਲਤ ਅੰਦਰ ਪੇਸ਼ ਹੀ ਨਹੀਂ ਕੀਤਾ ਜਾਏਗਾ ਤਾਂ ਉਨ੍ਹਾਂ ਤੇ ਪਾਏ ਗਏ ਕੇਸ ਕਿਦਾਂ ਖ਼ਤਮ ਹੋਣਗੇ ਤੇ ਸਾਲੋ ਸਾਲ ਕੇਸ ਲਮਕਦੇ ਰਹਿਣਗੇ ਇਸ ਤਰ੍ਹਾਂ ਬੰਦੀ ਸਿੰਘਾਂ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਦਕਿ ਵਧੇਰੇ ਕੇਸ ਫਰਜ਼ੀ ਹੁੰਦੇ ਹਨ । ਭਾਈ ਖਾਨਪੁਰੀ ਨੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਨੂੰ ਆ ਰਹੀਆਂ ਪ੍ਰੇਸ਼ਾਨੀ ਦਾ ਹੱਲ ਕਰਣ ਲਈ ਉੱਚ ਪੱਧਰੀ ਕਮੇਟੀ ਬਣਾ ਕੇ ਜੇਲ੍ਹ ਪ੍ਰਸ਼ਾਸ਼ਨ ਕੋਲੋਂ ਪ੍ਰੇਸ਼ਾਨੀਆਂ ਦਾ ਹੱਲ ਕਰਵਾਇਆ ਜਾਏ । ਪਰਿਵਾਰਿਕ ਮੈਂਬਰਾਂ ਨੇ ਮਨੁੱਖੀ ਅਧਿਕਾਰ ਦੇ ਰਾਖੇ ਸੰਸਥਾਵਾਂ ਅਤੇ ਅਦਾਲਤ ਅੰਦਰ ਬੰਦੀ ਸਿੰਘਾਂ ਦੇ ਮਾਮਲੇ ਦੇਖ ਰਹੇ ਜੱਜ ਸਾਹਿਬਾਨਾਂ ਨੂੰ ਇਸ ਬਾਰੇ ਨਿੱਜੀ ਤੌਰ ਤੇ ਦਖਲ ਦੇਣ ਦੀ ਮੰਗ ਕੀਤੀ ਹੈ