ਨਵੀਂ ਦਿੱਲੀ - “ਅਮਰੀਕਾ ਦੇ ਪ੍ਰੈਜੀਡੈਟ ਦੀਆਂ ਹੋਈਆਂ ਜਮਹੂਰੀ ਚੋਣਾਂ ਵਿਚ ਜੋ ਮਿਸਟਰ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਪ੍ਰੈਜੀਡੈਟ ਚੁਣਕੇ ਇਸ ਅਹਿਮ ਅਹੁਦੇ ਉਤੇ ਬਿਰਾਜਮਾਨ ਹੋਣ ਜਾ ਰਹੇ ਹਨ, ਉਨ੍ਹਾਂ ਨੂੰ ਇਸ ਹੋਈ ਵੱਡੀ ਜਿੱਤ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਮਰੀਕਾ ਮੁਲਕ ਦੇ ਸਮੁੱਚੇ ਬਸਿੰਦਿਆ ਦੀ ਹਰ ਪੱਖੋ ਬਿਹਤਰੀ ਕਰਨ ਅਤੇ ਸਮੁੱਚੇ ਸੰਸਾਰ ਵਿਚ ਜੰਗਾਂ-ਯੁੱਧਾਂ ਰਾਹੀ ਹੋ ਰਹੇ ਮਨੁੱਖਤਾ ਦੇ ਘਾਣ ਨੂੰ ਰੋਕਣ ਦੀ ਜਿਥੇ ਅਸੀਂ ਵੱਡੀ ਉਮੀਦ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਜੋ ਇੰਡੀਆਂ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋਂ ਖੁੱਲ੍ਹੇ ਤੌਰ ਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਅਤੇ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ‘ਟਾਰਗੇਟ ਕੀਲਿੰਗ’ ਦੀ ਮਨੁੱਖਤਾ ਵਿਰੋਧੀ ਸੋਚ ਅਧੀਨ ਕਤਲ ਕਰਨ ਦੇ ਅਮਲ ਹੋ ਰਹੇ ਹਨ । ਜਿਸ ਉਤੇ ਅਮਰੀਕਾ ਦੀ ਬਾਈਡਨ ਸਰਕਾਰ ਨੇ ਫਾਈਵ ਆਈ ਮੁਲਕਾਂ ਦੀ ਸਾਂਝੀ ਨੀਤੀ ਅਧੀਨ ਇਸ ਵਿਰੁੱਧ ਸੰਸਾਰ ਪੱਧਰ ਤੇ ਮਨੁੱਖਤਾ ਪੱਖੀ ਸਟੈਂਡ ਲਿਆ ਹੋਇਆ ਹੈ ਅਤੇ ਸਿੱਖਾਂ ਉਤੇ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਜੋ ਹਿੰਦੂਤਵ ਹੁਕਮਰਾਨਾਂ ਵੱਲੋ ਜ਼ਬਰ ਢਾਹਿਆ ਜਾ ਰਿਹਾ ਹੈ, ਆਪਣੀ ਇਸ ਨਵੀ ਪਾਰੀ ਵਿਚ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਹਿਫਾਜਤ ਲਈ ਅਤੇ ਉਨ੍ਹਾਂ ਵੱਲੋ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਚੱਲ ਰਹੇ ਆਜਾਦੀ ਦੇ ਸੰਘਰਸ ਦੇ ਨਿਸ਼ਾਨੇ ਦੀ ਪ੍ਰਾਪਤੀ ਵਿਚ ਆਪਣੀ ਅਮਰੀਕਨ ਪਾਲਸੀ ਨੂੰ ਪਹਿਲੇ ਦੀ ਤਰ੍ਹਾਂ ਜਿਊ ਦੀ ਤਿਊ ਰੱਖਦੇ ਹੋਏ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਦੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਜਾਦੀ ਦੇ ਮਿਸਨ ਨੂੰ ਵੀ ਆਪਣੀ ਪਾਲਸੀ ਰਾਹੀ ਪਹਿਲੇ ਨਾਲੋ ਵੀ ਵਧੇਰੇ ਮਜਬੂਤੀ ਬਖਸੋਗੇ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਮਰੀਕਾ ਦੇ ਨਵੇ ਚੁਣੇ ਗਏ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਹੋਈ ਸ਼ਾਨਦਾਰ ਜਿੱਤ ਉਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਵਰਗੀਆਂ ਘੱਟ ਗਿਣਤੀ ਕੌਮਾਂ ਨਾਲ ਜੋ ਇੰਡੀਅਨ ਹੁਕਮਰਾਨਾਂ ਵੱਲੋ ਜ਼ਬਰ ਚੱਲ ਰਿਹਾ ਹੈ, ਉਸ ਨੂੰ ਪੂਰਨ ਰੂਪ ਵਿਚ ਬੰਦ ਕਰਵਾਉਣ ਲਈ ਆਪਣੀਆ ਅਮਰੀਕਨ ਪਾਲਸੀਆ ਨੂੰ ਲਾਗੂ ਕਰਨ ਦੀ ਅਪੀਲ ਤੇ ਉਮੀਦ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਉਨ੍ਹਾਂ ਦੇ ਦਸੇ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਮੁੱਢਲੇ ਸਿਧਾਤਾਂ ਤੇ ਸੋਚ ਅਧੀਨ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਬਿਹਤਰੀ ਦੇ ਮਿਸਨ ਦਿੱਤੇ ਹਨ । ਇਸੇ ਲਈ ਉਨ੍ਹਾਂ ਨੇ ਆਪਣੇ ਮੁਖਾਰਬਿੰਦ ਤੋ ‘ਨਾ ਕੋ ਬੈਰੀ, ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥’ ਅਨੁਸਾਰ ਗੁਰਸਿੱਖ ਹਮੇਸ਼ਾਂ ਦੋਵੇ ਸਮੇਂ ਆਪਣੀ ਅਰਦਾਸ ਵਿਚ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਖਰੇਵੇ ਤੋ ਉੱਪਰ ਉੱਠਕੇ ਸਮੁੱਚੀ ਇਨਸਾਨੀਅਤ ਅਤੇ ਮਨੁੱਖਤਾ ਦੀ ਬਿਹਤਰੀ ਲੋੜਦਾ ਹੈ । ਪਰ ਇਸਦੇ ਨਾਲ ਹੀ ‘ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ’ ਦੇ ਮਹਾਵਾਕ ਅਨੁਸਾਰ ਜਦੋ ਉਸ ਉਤੇ ਕੋਈ ਹੁਕਮਰਾਨ ਜਾਂ ਤਾਕਤਵਰ ਜ਼ਬਰ ਜੁਲਮ ਕਰਦਾ ਹੈ, ਤਾਂ ਉਹ ਇਸ ਨੂੰ ਬਿਲਕੁਲ ਸਹਿਣ ਨਹੀ ਕਰਦਾ ਅਤੇ ਉਸ ਵਿਰੁੱਧ ਆਪਣੀ ਪੂਰੀ ਤਾਕਤ ਨਾਲ ਜੂਝਦਾ ਹੋਇਆ ਦੁਸਮਣ ਨੂੰ ਆਪਣੇ ਕਿੱਤੇ ਦੀ ਸਜ਼ਾ ਦੇਣ ਲਈ ਤੱਤਪਰ ਰਹਿੰਦਾ ਹੈ । ਫਿਰ ‘ਭੈ ਕਾਹੁ ਕੋ ਦੇਤਿ ਨਾਹਿ, ਨ ਭੈ ਮਾਨਤਿ ਆਨਿ’ ਅਨੁਸਾਰ ਸਿੱਖ ਕੌਮ ਆਪਣੀ ਕਿਸੇ ਤਰ੍ਹਾਂ ਦੀ ਵੀ ਤਾਕਤ ਰਾਹੀ ਨਾ ਤਾ ਕਿਸੇ ਨੂੰ ਡਰਾਉਦੀ ਹੈ ਅਤੇ ਨਾ ਹੀ ਕਿਸੇ ਵੱਡੀ ਤੋ ਵੱਡੀ ਤਾਕਤ ਦਾ ਆਪਣੇ ਮਨ-ਆਤਮਾ ਵਿਚ ਕੋਈ ਭੈ ਰੱਖਦੀ ਹੈ ।
ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ ਕੈਨੇਡਾ, ਅਮਰੀਕਾ, ਬਰਤਾਨੀਆ, ਪਾਕਿਸਤਾਨ, ਹਰਿਆਣਾ, ਪੰਜਾਬ ਵਿਚ ਹਿੰਦੂਤਵ ਹੁਕਮਰਾਨਾਂ ਤੇ ਉਸਦੀਆਂ ਖੂਫੀਆ ਏਜੰਸੀਆਂ ਵੱਲੋ ਭਾੜੇ ਦੇ ਗੈਗਸਟਰਾਂ ਤੇ ਅਪਰਾਧਿਕ ਮੁਜਰਿਮਾਂ ਰਾਹੀ ਜੋ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਸ ਲਈ ਮਿਸਟਰ ਡੋਨਾਲਡ ਟਰੰਪ ਨੂੰ ਜਿਥੇ ਅਸੀ ਇਸ ਮੁਬਾਰਕਬਾਦ ਮੌਕੇ ਘੱਟ ਗਿਣਤੀ ਸਿੱਖ ਕੌਮ ਉਤੇ ਇੰਡੀਅਨ ਹੁਕਮਰਾਨਾਂ ਵੱਲੋ ਕੀਤੇ ਜਾ ਰਹੇ ਜ਼ਬਰ ਜੁਲਮ ਅਤੇ ਸਿੱਖਾਂ ਦੇ ਮਿੱਥਕੇ ਕੀਤੇ ਜਾ ਰਹੇ ਕਤਲਾਂ ਨੂੰ ਰੋਕਣ ਲਈ ਕੌਮਾਂਤਰੀ ਪੱਧਰ ਤੇ ਫਾਈਵ ਆਈ ਮੁਲਕਾਂ ਨਾਲ ਮਿਲਕੇ ਅਮਲ ਕਰਨ ਦੀ ਅਪੀਲ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਅਮਰੀਕਾ ਸੰਸਾਰ ਦਾ ਸਭ ਤੋ ਵੱਡਾ ਜਮਹੂਰੀਅਤ ਕਦਰਾਂ ਕੀਮਤਾਂ ਦੀ ਰਾਖੀ ਕਰਨ ਵਾਲਾ ਜਮਹੂਰੀ ਮੁਲਕ ਹੈ।