ਨਵੀਂ ਦਿੱਲੀ - ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਦਿੱਲੀ ਦੇ ਪੁਲਬੰਗਸ਼ ਗੁਰਦੁਆਰਾ ਹਿੰਸਾ ਮਾਮਲੇ ਵਿੱਚ ਜਗਦੀਸ਼ ਟਾਈਟਲਰ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਹੋਏ ਅਤੇ ਨਾਲ ਹੀ ਇਸ ਮਾਮਲੇ ਦੀ ਸ਼ਿਕਾਇਤਕਰਤਾ ਲਖਵਿੰਦਰ ਕੌਰ ਵੀ ਅਦਾਲਤ ਅੰਦਰ ਸੀਨੀਅਰ ਵਕੀਲ ਐਚ ਐਸ ਫੂਲਕਾ, ਕਾਮੀਨੀ ਵੋਹਰਾ ਅਤੇ ਗੁਰਬਖ਼ਸ਼ ਸਿੰਘ ਨਾਲ ਪੇਸ਼ ਹੋਏ ਸਨ ।
ਅਦਾਲਤ ਅੰਦਰ ਅਜ ਮਾਮਲੇ ਦੀ ਸ਼ਿਕਾਇਤ ਕਰਤਾ ਬੀਬੀ ਲਖਵਿੰਦਰ ਕੌਰ ਦੀ ਕਰਾਸ ਗਵਾਹੀ ਪੂਰੀ ਹੋ ਗਈ ਹੈ ਤੇ ਅਦਾਲਤ ਵਲੋਂ ਮਾਮਲੇ ਦੀ ਅਗਲੀ ਸੁਣਵਾਈ 23 ਨਵੰਬਰ ਨੂੰ ਕਰਣ ਦੇ ਆਦੇਸ਼ ਦਿੱਤੇ ਗਏ। ਜਿਕਰਯੋਗ ਹੈ ਕਿ ਬੀਤੇ ਕਲ ਟਾਈਟਲਰ ਵਲੋਂ ਇਹ ਮਾਮਲਾ ਰੋਕਣ ਲਈ ਅਦਾਲਤ ਅੰਦਰ ਅਪੀਲ ਦਾਖਿਲ ਕੀਤੀ ਗਈ ਸੀ ਜਿਸਨੂੰ ਅਦਾਲਤ ਵਲੋਂ ਨਾਮੰਜੂਰ ਕਰਦਿਆਂ ਮਾਮਲੇ ਦੀ ਸੁਣਵਾਈ ਜਾਰੀ ਰੱਖਣ ਦੇ ਆਦੇਸ਼ ਦਿੱਤੇ ਸਨ ।
ਲਖਵਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਪੁਲਬੰਗਸ਼ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸੁਰਿੰਦਰ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਬਾਦਲ ਸਿੰਘ ਦਾ ਗੁਰਦੁਆਰਾ ਪੁਲਬੰਗਸ਼ ਨੇੜੇ ਭੀੜ ਨੇ ਕਤਲ ਕਰ ਦਿੱਤਾ ਹੈ ਜਿਸ ਦੀ ਅਗਵਾਈ ਜਗਦੀਸ਼ ਟਾਈਟਲਰ ਕਰ ਰਿਹਾ ਸੀ । ਅਦਾਲਤ ਨੇ 30 ਅਗਸਤ ਨੂੰ ਟਾਈਟਲਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 147, 149, 153ਏ, 188, 109, 295, 380, 302 ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਸੀ।