ਨਵੀਂ ਦਿੱਲੀ - ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਵਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਿੱਲੀ ਹਾਟ ਜਨਕਪੁਰੀ ਵਿਖ਼ੇ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ ਵੱਖ ਵਿਦਿਆਰਥੀਆਂ/ਨੌਜੁਆਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਸਾਬਕਾ ਮੁੱਖ ਸੇਵਾਦਾਰ, ਗੁਰਬਾਣੀ ਰਿਸਰਚ ਫਾਉਂਡੇਸ਼ਨ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਦੇ ਚੇਅਰਮੈਨ ਪੰਥਕ ਆਗੂ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਗੁਰਸਿੱਖੀ ਸਰੂਪ ਪ੍ਰਤੀ ਲਗਨ ਪੈਦਾ ਕਰਨਾ ਕਰਨਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਮੰਨਤ ਕੌਰ ਨੇ ਪਹਿਲਾ ਪਾਹੁਲਪ੍ਰੀਤ ਕੌਰ ਨੇ ਦੂਜਾ ਗੁਰਸਿਫ਼ਤ ਕੌਰ ਨੇ ਤੀਜਾ ਵਿਪਰੀਤ ਸਿੰਘ ਨੇ ਚੋਥਾ ਅਤੇ ਕੰਵਲਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇੰਨ੍ਹਾ ਨੂੰ ਕਲਰ ਟੀਵੀ, ਫਰਿਜ, ਵਾਸ਼ਿੰਗ ਮਸ਼ੀਨ, ਓਵਨ ਅਤੇ ਜੂਸਰ ਇਨਾਮ ਵਜੋਂ ਪ੍ਰਬੰਧਕਾਂ ਵਲੋਂ ਭੇਂਟ ਕੀਤੇ ਗਏ । ਇਸ ਪ੍ਰੋਗਰਾਮ ਵਿਚ ਜੱਜ ਵਜੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ, ਐਡਵੋਕੇਟ ਐਮ ਐਸ ਬੰਮੀ, ਜਸਬੀਰ ਸਿੰਘ ਲਾਂਬਾ, ਗੁਰਦੀਪ ਸਿੰਘ ਨੇ ਭੂਮਿਕਾ ਨਿਭਾ ਕੇ ਬੱਚਿਆਂ ਨੂੰ ਪਹਿਲੇ ਦੂਜੇ ਅਤੇ ਹੋਰ ਅਸਥਾਨਾਂ ਲਈ ਚੋਣ ਕੀਤੀ ਸੀ । ਇਸ ਮੌਕੇ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਅਤੇ ਦਿੱਲੀ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਮੌਜੂਦਾ ਹਾਲਾਤਾ ਅੰਦਰ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਤ ਕਰਨਾ ਅਤੀ ਜਰੂਰੀ ਹੈ ਜਿਸ ਲਈ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਸੋਹਣੀਆਂ ਦਸਤਾਰਾਂ, ਦੁਮਾਲੇ ਅਤੇ ਗੁਰਮਤਿ ਵਿਦਿਆ ਦੇ ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕਰਨੀ ਲਾਜਮੀ ਹੈ । ਉਹਨਾਂ ਕਿਹਾ ਕਿ ਅਜੋਕੇ ਸਮੇਂ ਅਜਿਹੇ ਮੁਕਾਬਲਿਆਂ ਨਾਲ ਨਸ਼ਿਆਂ ਦੇ ਵਗ ਰਹੇ ਦਰਿਆਵਾਂ ਤੋਂ ਬਚਣ ਲਈ ਜਿੱਥੇ ਸਿੱਖੀ ਵੱਲ ਮੁੜਨਾ ਪਵੇਗਾ ਉਥੇ ਨੌਜਵਾਨਾਂ ਨੂੰ ਆਤਮ ਰੱਖਿਆ ਲਈ ਗਤਕਾ ਮਾਰਸ਼ਲ ਆਰਟ ਨਾਲ ਜੋੜਨ ਦੀ ਜਰੂਰਤ ਹੈ। ਸਾਡੀ ਕੌਮ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਛੋਟੀ ਉਮਰ ਤੋਂ ਹੀ ਸਾਡੇ ਬੱਚੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਗੁਰਬਾਣੀ ਦੀ ਖੁਸ਼ਬੂ ਸੰਸਾਰ ਭਰ ਅੰਦਰ ਵੰਡ ਕੇ ਸਾਂਝੀਵਾਲਤਾ ਦੇ ਫਲਸਫੇ ਤੇ ਚੱਲ ਕੇ ਆਪਣਾ ਅਤੇ ਆਪਣੀ ਕੌਮ ਦਾ ਨਾਮ ਰੋਸ਼ਨ ਕਰਨ। ਪ੍ਰੋਗਰਾਮ ਦੀ ਪ੍ਰਬੰਧਕ ਕਮੇਟੀ ਨੇ ਇਸ ਪ੍ਰੋਗਰਾਮ ਨੂੰ ਉਲੀਕਣ ਵਿਚ ਸਹਿਯੋਗ ਦੇਣ ਵਾਲਿਆਂ ਸਮੂਹ ਸੱਜਣਾ ਦਾ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ।