ਸ੍ਰੀ ਅਨੰਦਪੁਰ ਸਾਹਿਬ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦਸਿਆ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਬੁੱਢਾ ਦਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਜਥੇਦਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਵੱਖ-ਵੱਖ ਸੰਪਰਦਾਵਾਂ, ਨਿਹੰਗ ਸਿੰਘ ਦਲਾਂ ਅਤੇ ਕਾਰਸੇਵਾ ਵਾਲਿਆਂ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਦੀ ਬੀਤੀ ਰਾਤ ਭਲੀਭਾਂਤ ਸੰਪੂਰਨਤਾ ਹੋਈ।
ਸ੍ਰੀ ਹਜ਼ੂਰ ਸਾਹਿਬ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਤ ਰਹਿਰਾਸ ਸਾਹਿਬ ਦੀ ਸਮਾਪਤੀ ਉਪਰੰਤ ਮਹਾਨ ਕੀਰਤਨ ਦਰਬਾਰ ਵਿੱਚ ਵੱਡੀ ਪੱਧਰ ਤੇ ਜੁੜੀ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੁੱਢਾ ਦਲ ਦੇ ਸਥਾਪਨਾ ਦਿਵਸ ਦੇ ਸਮਾਗਮ ਵਿੱਚ ਤੁਸੀਂ ਏਨੀ ਵੱਡੀ ਪੱਧਰ ਤੇ ਦੂਰ ਦੁਰਾਡੇ ਥਾਵਾਂ ਤੋਂ ਪੁਜੇ, ਜਿਸ ਲਈ ਮੈਂ ਸੰਗਤ ਅਤੇ ਬਾਬਾ ਬਲਬੀਰ ਸਿੰਘ ਨੂੰ ਵਧਾਈ ਦੇਂਦਾ ਹਾਂ। ਉਨ੍ਹਾਂ ਕਿਹਾ ਸਿੱਖ ਗੁਰਮਤਿ ਇਤਿਹਾਸ ਵਿੱਚ ਬੁੱਢਾ ਦਲ ਦਾ ਨਾਮ ਸੁਨਹਿਰੀ ਸ਼ਬਦਾਂ ਵਿੱਚ ਦਰਜ਼ ਹੈ। ਬੁੱਢਾ ਦਲ ਦੇ ਹੀ ਦਸ ਮੁਖੀ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਹਨ। ਬੁੱਢਾ ਦਲ ਵੱਲੋਂ ਕੌਮ ਲਈ ਘਾਲੀ ਕਮਾਈ ਭਾਰਤ ਦੀ ਹਰ ਯੂਨੀਵਰਸਿਟੀ, ਕਾਲਜ, ਸਕੂਲ ਦੇ ਸਿਲੇਬਸ ਵਿੱਚ ਦਰਜ਼ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਬੁੱਢਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਲ ਪੰਥ ਲਈ ਬਹੁਤ ਸ਼ਲਾਘਾਯੋਗ ਉਨਤੀ ਵਾਲੇ ਕਾਰਜ ਕਰ ਰਹੇ ਹਨ। ਉਨ੍ਹਾਂ ਬੁੱਢਾ ਦਲ ਦੇ ਸਥਾਪਨਾ ਦਿਵਸ ਮਨਾਉਣ ਤੇ ਸਫਲ ਸਮਾਗਮਾਂ ਲਈ ਹਾਰਦਿਕ ਵਧਾਈ ਦਿੰਦਿਆ ਹਰੇਕ ਪ੍ਰਾਣੀ ਨੂੰ ਅੰਮ੍ਰਿਤਧਾਰੀ ਹੋਣ ਦੀ ਅਪੀਲ ਕੀਤੀ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਬੋਧਨ ਕਰਦਿਆ ਕਿਹਾ ਕਿ ਬੁੱਢਾ ਦਲ ਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਪੱਕੇ ਗੁਰਸਿੱਖ, ਅੰਮ੍ਰਿਤਧਾਰੀ, ਰਹਿਣੀ-ਬਹਿਣੀ ਦੇ ਪੂਰੇ ਤੇ ਨਿਡਰ ਸੂਰਮੇ ਸਨ। ਉਨ੍ਹਾਂ ਕਿਹਾ ਅਕਾਲ ਪੁਰਖ ਤੋਂ ਛੁੱਟ ਕਦੇ ਕਿਸੇ ਦੁਨਿਆਵੀ ਵਿਅਕਤੀ ਦਾ ਡਰ ਜਾਂ ਭੈ ਆਪਣੇ ਮਨ ਵਿਚ ਨਹੀਂ ਸੀ ਰਖਦੇ ਤੇ ਨਾ ਹੀ ਆਪਣਾ ਮਸਤਕ ਕਿਸੇ ਅੱਗੇ ਝੁਕਾਉਂਦੇ ਸਨ। ਉਨ੍ਹਾਂ ਕਿਹਾ ਵਡੇ ਤੋਂ ਵਡੇ ਖ਼ਤਰਿਆਂ ਨੂੰ ਵੰਗਾਰ ਸਕਣਾ ਉਨ੍ਹਾਂ ਦੀ ਸ਼ਖਸੀਅਤ ਦਾ ਇਕ ਵਿਸ਼ੇਸ਼ ਗੁਣ ਸੀ। ਉਨ੍ਹਾਂ ਕਿਹਾ ਬੁੱਢਾ ਦਲ ਦੇ ਮੁਖੀ ਨੂੰ ਆਪਣੀ ਤਾਕਤ, ਹੌਸਲੇ `ਤੇ ਕੰਮ ਕਰ ਸਕਣ ਦੀ ਸਮਰੱਥਾ ਤੇ ਇਤਨਾ ਵਿਸ਼ਵਾਸ਼ ਸੀ ਕਿ ਔਖੇ ਤੋਂ ਔਖਾ ਕੰਮ ਵੀ ਸਫਲਤਾ ਵਿੱਚ ਬਦਲ ਜਾਂਦਾ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀਆਂ ਸਦਾਚਾਰਕ ਕਮਜ਼ੋਰੀਆਂ ਬਦਲੇ ਭਰੀ ਸੰਗਤ ਵਿਚ ਧਾਰਮਿਕ ਦੰਡ ਦੇ ਸਕਣਾ ਆਪ ਦੇ ਜੀਵਨ ਦਾ ਕਰਤਵ ਸੀ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਹਰ ਸਿੱਖ ਨੂੰ ਸ਼ਸਤਰਧਾਰੀ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਤੋਂ ਦਸਮ ਪਾਤਸ਼ਾਹ ਤੀਕ ਸਭ ਸ਼ਸਤਰ ਧਾਰੀ ਹੋਏ ਹਨ। ਉਨ੍ਹਾਂ ਨੇ ਵੱਖ-ਵੱਖ ਪਾਤਸ਼ਾਹੀਆਂ ਦੇ ਸ਼ਸਤਰ ਧਾਰੀ ਹੋਣ ਦੀਆਂ ਮਿਸਾਲਾਂ ਵੀ ਪੇਸ਼ ਕੀਤੀਆਂ। ਕੀਰਤਨ ਦਰਬਾਰ ਵਿੱਚ ਖਾਲਸਾ ਪੰਥ ਦੇ ਮਹਾਨ ਕੀਰਤਨੀਏ ਭਾਈ ਬਲਬੀਰ ਸਿੰਘ ਚੰਡੀਗੜ੍ਹ ਵਾਲੇ, ਭਾਈ ਕਿਸ਼ੋਰ ਸਿੰਘ ਹਜ਼ੂਰੀ ਰਾਗੀ ਜਥਾ ਹਜ਼ੂਰ ਸਾਹਿਬ, ਭਾਈ ਜੋਧਬੀਰ ਸਿੰਘ ਨਨਕਾਣਾ ਸਾਹਿਬ ਵਾਲੇ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦਲ ਪੰਥ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਕੀਰਤਨ ਦਰਬਾਰ ਸਮੇਂ ਦਿਤੇ ਸਹਿਯੋਗ ਲਈ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ, ਬਾਬਾ ਬਲਵਿੰਦਰ ਸਿੰਘ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ, ਮੈਂਬਰਾਂ, ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਵਿੱਚ ਪੁਜੇ ਸੰਤ ਮਹਾਪੁਰਸ਼ਾ, ਨਿਹੰਗ ਸਿੰਘ ਦਲਪੰਥ ਦੇ ਮੁਖੀਆਂ ਅਤੇ ਹੋਰ ਸੰਪਰਦਾਵਾਂ ਤੋਂ ਪੁਜੀਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਸ. ਸਰਬਜੀਤ ਸਿੰਘ ਸੋਢੀ ਨੇ ਬਾਖੂਬੀ ਨਿਭਾਈ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਦਮਦਮੀ ਟਕਸਾਲ ਵੱਲੋਂ ਬਾਬਾ ਸੁਖਦੇਵ ਸਿੰਘ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਤਰਨਾ ਦਲ, ਭਾਈ ਕਸ਼ਮੀਰ ਸਿੰਘ ਹੈੱਡ ਗ੍ਰੰਥੀ, ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਬਾਬਾ ਜੋਤਇੰਦਰ ਸਿੰਘ, ਸਿੰਘ ਸਾਹਿਬ ਗਿਆਨੀ ਰਾਮ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਸ. ਰਵਿੰਦਰ ਸਿੰਘ ਬੁੰਗਈ, ਸ. ਹਰਜੀਤ ਸਿੰਘ ਕੜੇਵਾਲੇ, ਸ. ਜੈਮਲ ਸਿੰਘ, ਸ. ਜਸਪਾਲ ਸਿੰਘ ਲਾਂਗਰੀ, ਗਿਆਨੀ ਪਰਮਜੀਤ ਸਿੰਘ, ਭਾਈ ਤਨਵੀਰ ਸਿੰਘ ਕਥਾਵਾਚਕ, ਭਾਈ ਸੁਖਵਿੰਦਰ ਸਿੰਘ ਕਥਾਵਾਚਕ ਆਦਿ ਹਾਜ਼ਰ ਸਨ। ਇਸ ਸਮੇਂ ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ, ਸ. ਇੰਦਰਪਾਲ ਸਿੰਘ ਫੌਜੀ ਰਿਕੀ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਵਿਸ਼ਪ੍ਰਤਾਪ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਈਸ਼ਰ ਸਿੰਘ, ਬਾਬਾ ਗੁਰਮੁੱਖ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਗਗਨਦੀਪ ਸਿੰਘ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਲਛਮਣ ਸਿੰਘ, ਬਾਬਾ ਜੱਸਾ ਸਿੰਘ, ਭਾਈ ਮਾਨ ਸਿੰਘ ਆਦਿ ਹਾਜ਼ਰ ਸਨ।