ਸ੍ਰੀ ਹਜ਼ੂਰ ਸਾਹਿਬ- ਬੁੱਢਾ ਦਲ ਦੇ 316ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਿਖੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਸੰਗਤਾਂ, ਸੰਤ ਮਹਾਂਪੁਰਸ਼ਾਂ, ਸੰਪਰਦਾਵਾਂ, ਨਿਹੰਗ ਸਿੰਘ ਦਲਾਂ, ਗੁ: ਤਖ਼ਤ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਮਨਾਏ ਗਏ ਹਨ। ਇਹ ਜਾਣਕਾਰੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਦਿਤੀ।
ਉਨ੍ਹਾਂ ਕਿਹਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਦੇ ਜਥੇਦਾਰ ਸਿੰਘ ਸਾਹਿਬ ਗਿ. ਕੁਲਵੰਤ ਸਿੰਘ, ਮੀਤ ਜਥੇਦਾਰ ਗਿ. ਰਾਮ ਸਿੰਘ, ਗਿ. ਬਾਬਾ ਜੋਤਇੰਦਰ ਸਿੰਘ ਅਤੇ ਬਾਕੀ ਹਜ਼ੂਰੀ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਰਘੁਬੀਰ ਸਿੰਘ, ਸਿੰਘ ਸਾਹਿਬ ਗਿ. ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੂੰ ਹਜ਼ੂਰ ਸਾਹਿਬ ਦੀ ਪੁਰਾਤਨ ਧਾਰਮਿਕ ਰਵਾਇਤ ਮੁਤਾਬਕ ਦਸਤਾਰਾ, ਗਾਤਰਾ, ਚੋਲਾ, ਕਮਰਕਸਾ, ਸ੍ਰੀ ਸਾਹਿਬ, ਦੋਸ਼ਾਲਾ, ਸਿਰਪਾਓ ਤੇ ਫੁੱਲਾਂ ਦੀ ਮਾਲਾ ਨਾਲ ਸਨਮਾਨਿਤ ਕੀਤਾ। ਇਸ ਸਮੇਂ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਦੇ ਮਹਾਨ ਜਰਨੈਲਾਂ ਦੇ ਸ਼ਸਤਰਾਂ, ਅਸਤਰਾਂ ਦੇ ਧਾਰਮਿਕ ਰਹੁਰੀਤਾਂ ਅਨੁਸਾਰ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਬਾਬਾ ਬਲਬੀਰ ਸਿੰਘ ਅਕਾਲੀ ਨੇ ਸਾਰੇ ਸ਼ਸਤਰਾਂ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਭਾਈ ਪਰਮਜੀਤ ਸਿੰਘ ਕਥਾਵਾਚਕ ਨੇ ਸ਼ਸਤਰ ਦੇ ਦਰਸ਼ਨ ਕਰਵਾਏ। ਇਸ ਸਮੇਂ ਤਰਨਾ ਦਲ ਹਰੀਆਂ ਵੇਲਾਂ ਤੋਂ ਬਾਬਾ ਨਾਗਰ ਸਿੰਘ, ਦਮਦਮੀ ਟਕਸਾਲ ਤੋਂ ਬਾਬਾ ਸੁਖਦੇਵ ਸਿੰਘ ਨੂੰ ਵੀ ਤਖ਼ਤ ਸਾਹਿਬ ਵੱਲੋਂ ਸਨਮਾਨ ਦਿਤਾ ਗਿਆ। ਬਰਮਿੰਘਮ ਤੋਂ ਪੁੱਜੇ ਇੰਜਿਨੀਅਰ ਬਾਬਾ ਮਹਿੰਦਰ ਸਿੰਘ ਤੇ ਉਨ੍ਹਾਂ ਨਾਲ ਸ. ਇੰਦਰਜੀਤ ਸਿੰਘ ਨੂੰ ਬੁੱਢਾ ਦਲ ਵੱਲੋਂ ਸਨਮਾਨਿਤ ਕੀਤਾ ਗਿਆ। ਏਵੇਂ ਹੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦੇ ਪ੍ਰਬੰਧਕ ਜਿਨ੍ਹਾਂ ਵਿੱਚ ਭਾਈ ਜਤਿੰਦਰ ਸਿੰਘ ਕਥਾਵਾਚਕ, ਭਾਈ ਰਵਿੰਦਰ ਸਿੰਘ ਬੁੰਗਈ ਸਾਬਕਾ ਸਕੱਤਰ, ਗਿ. ਸੁਖਵਿੰਦਰ ਸਿੰਘ ਕਥਾਵਾਚਕ, ਸ. ਸਰਬਜੀਤ ਸਿੰਘ ਸੋਢੀ, ਸ. ਇੰਦਰਪਾਲ ਸਿੰਘ ਫੌਜੀ, ਸ. ਰਣਬੀਰ ਸਿੰਘ ਰਾਣਾ, ਸ. ਜੈਮਲ ਸਿੰਘ, ਸ. ਰਵਿੰਦਰ ਸਿੰਘ ਕਪੂਰ ਆਦਿ ਨੂੰ ਬੁੱਢਾ ਦਲ ਵੱਲੋਂ ਸਨਮਾਨ ਦਿਤਾ ਗਿਆ।