ਨਵੀਂ ਦਿੱਲੀ -ਐਸਜੀਪੀਸੀ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਬਣੇ ਹਰਚਰਨ ਸਿੰਘ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਇਕ ਭਰਵੀਂ ਪ੍ਰੈਸ ਕੋਨਫਰੰਸ ਵਿਚ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਇਸ ਵਾਰ ਐਸਜੀਪੀਸੀ ਦੇ ਪ੍ਰਧਾਨ ਦੀਆਂ ਚੋਣਾਂ ਅੰਦਰ ਦਿੱਲੀ ਤੋਂ ਚਲਿਆ ਕੂੜ ਪ੍ਰਚਾਰ ਅੰਮ੍ਰਿਤਸਰ ਤਕ ਪਹੁੰਚ ਗਿਆ ਤੇ ਸਰਕਾਰ ਵਲੋਂ ਲਗਾਏ ਗਏ ਜ਼ੋਰ ਦੇ ਬਾਵਜੂਦ ਜਿਸ ਤਰ੍ਹਾਂ ਸਰਦਾਰ ਹਰਚਰਨ ਸਿੰਘ ਧਾਮੀ ਜੀ ਨੇ ਜਿੱਤ ਪ੍ਰਾਪਤ ਕੀਤੀ ਹੈ ਓਹ ਬੇਮਿਸਾਲ ਹੈ । ਉਨ੍ਹਾਂ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਉਪਰ ਕਈ ਨਿਸ਼ਾਨੇ ਸਾਧਦਿਆ ਉਨ੍ਹਾਂ ਵਲੋਂ ਦਿੱਲੀ ਕਮੇਟੀ ਦੀਆਂ ਚੋਣਾਂ ਰੁਕਵਾਣ ਬਾਰੇ ਦਸਿਆ ਤੇ ਨਾਲ ਹੀ ਕਿਹਾ ਕਿ ਜਿਸ ਤਰ੍ਹਾਂ ਹਰਮੀਤ ਸਿੰਘ ਕਾਲਕਾ ਚੋਣਾਂ ਨਹੀਂ ਹੋਣ ਦੇ ਰਿਹਾ ਹੈ ਓਸੇ ਤਰ੍ਹਾਂ ਉਨ੍ਹਾਂ ਦੇ ਦਾਦੇ ਨੇ ਵੀਂ 9 ਸਾਲਾਂ ਤਕ ਕਮੇਟੀ ਦੀਆਂ ਚੋਣਾਂ ਨਹੀਂ ਹੋਣ ਦਿਤੀਆਂ ਸਨ । ਇਸ ਮੌਕੇ ਸਰਦਾਰ ਮਨਜੀਤ ਸਿੰਘ ਜੀਕੇ ਨੇ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਦਸਿਆ ਕਿ ਹਰਮੀਤ ਸਿੰਘ ਕਾਲਕਾ ਦੇ ਦਾਦੇ ਵਲੋਂ ਇਕ ਪੂਰੇ ਪੇਜ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਜੋ ਪੰਥ ਅਤੇ ਅਕਾਲ ਤਖਤ ਸਾਹਿਬ ਵਿਰੁੱਧ ਸੀ । ਜੀਕੇ ਨੇ ਰਿਟਾਇਰ ਹੋ ਰਹੇ ਚੀਫ਼ ਜਸਟਿਸ ਆਫ ਇੰਡੀਆ, ਜਸਟਿਸ ਡੀ.ਵਾਈ. ਚੰਦਰਚੂੜ ਨੂੰ ਸਿੱਖਾਂ ਤੋਂ ਸੁਪਰੀਮ ਕੋਰਟ ਵੱਲੋਂ ਇਸ ਕਤਲੇਆਮ ਦੌਰਾਨ ਆਪਣੀ ਅੱਖਾਂ ਬੰਦ ਕਰਕੇ ਰੱਖਣ ਲਈ ਮੁਆਫ਼ੀ ਮੰਗਣ ਦੀ ਅਪੀਲ ਕੀਤੀ। ਜੀਕੇ ਨੇ ਚੇਤਾ ਕਰਵਾਇਆ ਕਿ 1984 'ਚ ਉਨ੍ਹਾਂ ਦੇ ਪਿਤਾ ਜਸਟਿਸ ਵਾਈ.ਵੀ. ਚੰਦਰਚੂੜ, ਚੀਫ਼ ਜਸਟਿਸ ਆਫ ਇੰਡੀਆ ਸਨ। ਪਰ ਉਹ ਨਿਰਦੋਸ਼ ਸਿੱਖਾਂ ਨਾਲ ਹੋਏ ਗੈਰ ਮਨੁੱਖੀ ਵਰਤਾਰੇ ਦੇ ਖਿਲਾਫ ਸ਼ਕੀ ਤਰੀਕੇ ਨਾਲ ਚੁੱਪ ਰਹੇ। ਸਰਦਾਰ ਪਰਮਜੀਤ ਸਿੰਘ ਸਰਨਾ ਨੇ ਵੀਂ ਦਿੱਲੀ ਕਮੇਟੀ ਉਪਰ ਨਿਸ਼ਾਨੇ ਸਾਧ ਕੇ ਚੋਣਾਂ ਨਾ ਕਰਵਾਉਣ ਦਾ ਦੋਸ਼ ਲਗਾਇਆ । ਐਸਜੀਪੀਸੀ ਪ੍ਰਧਾਨ ਸਰਦਾਰ ਹਰਚਰਨ ਸਿੰਘ ਧਾਮੀ ਨੇ ਉਨ੍ਹਾਂ ਨੂੰ ਸਨਮਾਨਿਤ ਕਰਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਮੂਹ ਔਹਦੇਦਾਰਾਂ ਦੇ ਨਾਲ ਹਾਜਿਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਐਸਜੀਪੀਸੀ ਮੈਂਬਰ ਰਜਿੰਦਰ ਸਿੰਘ ਮਹਿਤਾ, ਦਿੱਲੀ ਕਮੇਟੀ ਮੈਂਬਰ ਕਰਤਾਰ ਸਿੰਘ ਚਾਵਲਾ, ਜਤਿੰਦਰ ਸਿੰਘ ਸੋਨੂੰ, ਸਤਨਾਮ ਸਿੰਘ ਖਾਲਸਾ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਬੱਬਰ ਯੂਥ ਆਗੂ ਰਮਨਦੀਪ ਸਿੰਘ ਸੋਨੂੰ, ਜਸਮੀਤ ਸਿੰਘ ਪਿੱਤਮਪੁਰਾ, ਦਲਜੀਤ ਸਿੰਘ ਵਡਾਲੀ, ਹਰਪਾਲ ਸਿੰਘ ਸਰਨਾ, ਸੁਖਮਨ ਸਿੰਘ, ਗੁਰਪ੍ਰੀਤ ਸਿੰਘ ਰਿੰਟਾ ਸਮੇਤ ਵਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੈਂਬਰ ਅਤੇ ਸਿੱਖ ਮਿਸ਼ਨ ਦਿੱਲੀ ਵਲੋਂ ਸੁਰਿੰਦਰ ਸਿੰਘ ਸਮਾਣਾ ਹਾਜਿਰ ਸਨ ।