ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਦਮਦਮੀ ਟਕਸਾਲ ਸਿੱਖਾਂ ਦੀ ਇੱਕ ਸਤਿਕਾਰਤ ਸੰਸਥਾ ਹੈ । ਜਿਸਦਾ ਸਿੱਖ ਇਤਿਹਾਸ ਤੇ ਰਵਾਇਤ ਵਿੱਚ ਵੱਡਾ ਯੋਗਦਾਨ ਹੈ । ਜਿਸ ਕਾਰਨ ਸਮੁੱਚੀ ਕੌਮ ਦੀਆਂ ਭਾਵਨਾਵਾਂ ਇਸਦੇ ਨਾਲ ਗੂੜ੍ਹੇ ਰੂਪ ਵਿੱਚ ਜੁੜੀਆਂ ਹੋਈਆਂ ਹਨ । ਇਸਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਵਲੋੰ ਜੋ ਮਹਾਰਾਸ਼ਟਰ ਚੋਣਾਂ ਵਿੱਚ ਭਾਜਪਾ ਦੀ ਇਕਪਾਸੜ ਹਿਮਾਇਤ ਕੀਤੀ ਗਈ ਹੈ । ਇਹ ਫੈਸਲਾ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਹੈ ਤੇ ਟਕਸਾਲ ਦੇ ਅਕਸ ਨੂੰ ਢਾਹ ਲਗਾਉਣ ਵਾਲਾ ਹੈ ।
ਭਾਜਪਾ ਸਰਕਾਰ ਲਗਾਤਾਰ ਸਿੱਖਾਂ ਨੂੰ ਹਰ ਮਸਲੇ ਤੇ ਚਿੜਾ ਰਹੀ ਹੈ । ਅੱਜ ਤੱਕ ਭਾਜਪਾ ਵੱਲੋਂ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀ ਕੀਤਾ ਗਿਆ । ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਵਿੱਚ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾਕੇ ਸਿੱਖਾਂ ਕੋਲ਼ੋਂ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਹੀ ਖੋਹਿਆ ਗਿਆ ਹੈ ਤੇ ਉਸੇ ਸਰਕਾਰ ਨੂੰ ਹਿਮਾਇਤ ਦੇਣ ਦੀ ਕੀ ਤੁਕ ਬਣਦੀ ਹੈ ?
ਜਦੋਂ ਭਾਜਪਾ ਸਰਕਾਰ ਵੱਲੋਂ ਹਰ ਮਸਲੇ ਤੇ ਸਿੱਖ ਮਸਲਿਆਂ ਤੇ ਉਲਟ ਭੁਗਤਿਆ ਜਾ ਰਿਹਾ ਹੋਵੇ ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਹੋਵੇ, ਚਾਹੇ ਗੁਰਧਾਮਾ ਤੇ ਸਰਕਾਰੀ ਕਬਜ਼ਿਆਂ ਦਾ ਹੋਵੇ ਅਜਿਹੇ ਵਿੱਚ ਭਾਜਪਾ ਨੂੰ ਹਿਮਾਇਤ ਦੇਣਾ ਜਿੱਥੇ ਸਿਧਾਂਤਕ ਤੌਰ ਤੇ ਗਲਤ ਹੈ । ਉੱਥੇ ਹੀ ਬਾਕੀ ਧਿਰਾਂ ਨੂੰ ਆਪਣੇ ਵਿਰੁੱਧ ਕਰਨ ਵਾਲੀ ਗੱਲ ਹੈ ।