ਨਵੀਂ ਦਿੱਲੀ - ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਆਗਰਾ ਦੀ ਐੱਮਪੀਐੱਮਐੱਲਏ ਅਦਾਲਤ ਨੇ ਕਿਸਾਨਾਂ ਅਤੇ ਮਹਾਤਮਾ ਗਾਂਧੀ 'ਤੇ ਉਨ੍ਹਾਂ ਦੀ ਅਸ਼ਲੀਲ ਟਿੱਪਣੀ ਨੂੰ ਲੈ ਕੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਅਦਾਕਾਰਾ ਨੂੰ 28 ਨਵੰਬਰ ਤੱਕ ਅਦਾਲਤ ਅੰਦਰ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਦਾ ਸਮਾਂ ਦਿੱਤਾ ਹੈ। ਦੱਸ ਦਈਏ ਕਿ ਕੰਗਨਾ ਨੇ ਦਿੱਲੀ 'ਚ ਬਾਰਡਰ 'ਤੇ ਬੈਠੇ ਕਿਸਾਨਾਂ 'ਤੇ ਭੱਦਾ ਬਿਆਨ ਦਿੱਤਾ ਸੀ।
ਆਗਰਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਮਾਸ਼ੰਕਰ ਸ਼ਰਮਾ ਨੇ 11 ਸਤੰਬਰ ਨੂੰ ਐਮਪੀ/ਐਮਐਲਏ ਕੋਰਟ ਵਿੱਚ ਉਨ੍ਹਾਂ ਦੇ ਖਿਲਾਫ ਕਿਸਾਨਾਂ 'ਤੇ ਅਸ਼ਲੀਲ ਟਿੱਪਣੀ ਕਰਣ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਕੰਗਨਾ ਦੇ ਬਿਆਨ ਨੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਨ੍ਹਾਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਕੰਗਨਾ ਨੇ ਸਾਡੀਆਂ ਅਤੇ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 31 ਅਗਸਤ ਨੂੰ ਉਸ ਨੇ ਪੁਲਸ ਕਮਿਸ਼ਨਰ ਅਤੇ ਨਿਊ ਆਗਰਾ ਪੁਲਸ ਸਟੇਸ਼ਨ ਨੂੰ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਸੀ, ਰਮਾਸ਼ੰਕਰ ਸ਼ਰਮਾ ਨੇ ਦੱਸਿਆ ਕਿ 27 ਅਗਸਤ ਨੂੰ ਮੈਂ ਅਖਬਾਰ ਪੜ੍ਹਿਆ ਇਸ 'ਚ ਲਿਖਿਆ ਗਿਆ ਸੀ ਕਿ ਕੰਗਣਾ ਨੇ ਕਿਹਾ ਸੀ, ਅਗਸਤ 2020 ਤੋਂ ਦਸੰਬਰ 2021 ਤੱਕ ਕਿਸਾਨ ਕਾਲੇ ਕਾਨੂੰਨ ਦੇ ਵਿਰੋਧ 'ਚ ਦਿੱਲੀ ਬਾਰਡਰ 'ਤੇ ਧਰਨੇ 'ਤੇ ਬੈਠੇ ਸਨ। ਉਸ ਸਮੇਂ ਦੌਰਾਨ ਬਲਾਤਕਾਰ ਅਤੇ ਕਤਲ ਹੋਏ। ਜੇਕਰ ਦੇਸ਼ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਦੇਸ਼ 'ਚ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣੇ ਸਨ। ਇਸ ਦਾ ਸਪੱਸ਼ਟ ਮਤਲਬ ਹੈ ਕਿ ਉਸ ਨੇ ਕਿਸਾਨਾਂ ਨੂੰ ਕਾਤਲ, ਬਲਾਤਕਾਰੀ, ਅੱਤਵਾਦੀ ਅਤੇ ਕੱਟੜਪੰਥੀ ਕਰਾਰ ਦਿੱਤਾ।