ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਜੀ.ਐਮ.ਆਈ. ਗੌਲਫ ਚੈਂਪੀਅਨਸ਼ਿਪ ਦੇ ਅਧਿਕਾਰਤ ਲੋਗੋ ਦਾ ਉਦਘਾਟਨ ਕੀਤਾ। ਚੰਡੀਗੜ੍ਹ ਵਿੱਚ ਕਰਵਾਏ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਅੱਜ ਰਾਜਪਾਲ ਦੀ ਪ੍ਰਧਾਨਗੀ ਵਿੱਚ ਇਸ ਸਮਾਗਮ ਵਿੱਚ ਜੀ.ਐਮ.ਆਈ. ਇਨਫਰਾਸਟਰੱਕਚਰ ਦੇ ਮੁੱਖ ਕਾਰਜਕਾਰੀ ਅਫ਼ਸਰ ਮੋਹਿਤ ਬਾਂਸਲ, ਚੇਅਰਮੈਨ ਪਰਦੀਪ ਬਾਂਸਲ ਅਤੇ ਡਾਇਰੈਕਟਰ ਕੁਨਾਲ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
ਰਾਜਪਾਲ ਸ੍ਰੀ ਕਟਾਰੀਆ ਨੇ ਖੁਦ ਗੌਲਫ ਸ਼ਾਟ ਵੀ ਖੇਡਿਆ ਅਤੇ ਜੀ.ਐਮ.ਆਈ. ਚੈਰੀਟੇਬਲ ਟਰੱਸਟ ਨੂੰ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਵਧਾਈ ਵੀ ਦਿੱਤੀ।
ਪ੍ਰਬੰਧਕਾਂ ਨੇ ਦੱਸਿਆ ਕਿ ਪੰਚਕੂਲਾ ਗੌਲਫ ਕੋਰਸ ਵਿਖੇ 24 ਨਵੰਬਰ ਨੂੰ ਹੋਣ ਵਾਲੀ ਇਸਇਸ ਵੱਕਾਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਉਹ ਬਹੁਤ ਉਤਸ਼ਾਹਤ ਹਨ। ਇਸ ਇੱਕ-ਰੋਜ਼ਾ ਚੈਂਪੀਅਨਸ਼ਿਪ ਵਿੱਚ 110 ਗੌਲਫਰ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਉਦਯੋਗ ਜਗਤ ਨਾਲ ਸੰਬੰਧਤ, ਬਿਊਰੋਕਰੇਸੀ, ਚਿੰਤਕਾਂ ਸਣੇ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਹਨ ਤਾਂ ਜੋ ਆਪਸੀ ਮੇਲ-ਜੋਲ ਵਧਾ ਕੇ ਗੌਲਫ ਖੇਡ ਨੂੰ ਹੋਰ ਉਤਸ਼ਾਹਤ ਕੀਤਾ ਜਾ ਸਕੇ।
ਦਿਨ ਭਰ ਚੱਲਣ ਵਾਲਾ ਇਹ ਟੂਰਨਾਮੈਂਟ ਦੁਪਹਿਰ 2 ਵਜੇ ਪੰਚਕੂਲਾ ਗੌਲਫ ਕੋਰਸ ਵਿੱਚ ਇੱਕ ਪੁਰਸਕਾਰ ਸਮਾਰੋਹ ਦੇ ਨਾਲ ਸਮਾਪਤ ਹੋਵੇਗਾ, ਜਿਸ ਵਿੱਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜੀ.ਐਮ.ਆਈ. ਗੌਲਫ ਚੈਂਪੀਅਨਸ਼ਿਪ ਪੰਚਕੂਲਾ ਗੌਲਫ ਕੋਰਸ ਦੀ ਸ਼ਾਨਦਾਰ ਵਿਰਾਸਤ, ਦਰਸ਼ਕਾਂ ਦੀ ਵਧੇਰੇ ਆਮਦ ਸਦਕਾ ਬੇਮਿਸਾਲ ਗੌਲਫ ਪ੍ਰਦਰਸ਼ਨ ਦੇ ਦਿਨ ਵਜੋਂ ਯਾਦ ਕੀਤੀ ਜਾਵੇਗੀ।
ਇਸ ਮੌਕੇ ਜੀ.ਐਮ.ਆਈ. ਦੇ ਅਹਿਮ ਨੁਮਾਇੰਦੇ ਮੌਜੂਦ ਰਹੇ।