ਸੰਸਾਰ

ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਕਰਵਾਏ ‘ਕਾਵਿਸ਼ਾਰ’ ਪ੍ਰੋਗਰਾਮ ਵਿਚ 30 ਕਵੀਆਂ ਨੇ ਖੂਬਸੂਰਤ ਕਾਵਿਕ ਮਾਹੌਲ ਸਿਰਜਿਆ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | December 11, 2024 09:12 PM

ਸਰੀ-ਗ਼ਜ਼ਲ ਮੰਚ ਸਰੀ ਵੱਲੋਂ ਵੈਨਕੂਵਰ ਖੇਤਰ ਦੇ ਕਵੀਆਂ ਅਤੇ ਵਿਸ਼ੇਸ਼ ਕਰ ਕੇ ਉੱਭਰ ਰਹੇ ਕਵੀਆਂ ਨੂੰ ਇਕ ਮੰਚ ‘ਤੇ ਪੇਸ਼ ਕਰਨ ਲਈ ‘ਕਾਵਿਸ਼ਾਰ’ ਪ੍ਰੋਗਰਾਮ ਕਰਵਾਇਆ ਗਿਆ। ਫਲੀਟਵੁੱਡ ਕਮਿਊਨਿਟੀ ਹਾਲ, ਸਰੀ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ 30 ਨਵੇਂ, ਪੁਰਾਣੇ ਕਵੀਆਂ ਨੇ ਕਵਿਤਾ ਦੇ ਵੱਖ ਵੱਖ ਰੰਗਾਂ ਨਾਲ਼ ਬਹੁਤ ਹੀ ਦਿਲਕਸ਼ ਕਾਵਿਕ ਮਾਹੌਲ ਸਿਰਜਿਆ।

ਕਾਵਿਸ਼ਾਰ ਵਿਚ ਜਿੱਥੇ ਮੋਹਨ ਗਿੱਲ, ਪ੍ਰੋ. ਹਰਿੰਦਰ ਕੌਰ ਸੋਹੀ, ਮਹਿੰਦਰਪਾਲ ਸਿੰਘ ਪਾਲ, ਇੰਦਰਜੀਤ ਧਾਮੀ, ਦਰਸ਼ਨ ਦੋਸਾਂਝ, ਡਾ. ਸੁਖਵਿੰਦਰ ਵਿਰਕ, ਮੀਨੂੰ ਬਾਵਾ, ਡਾ. ਸੁਖਬੀਰ ਬੀਹਲਾ, ਪ੍ਰੀਤਪਾਲ ਅਟਵਾਲ ਪੂਨੀ, ਵੀਤ ਬਾਦਸ਼ਾਹਪੁਰੀ, ਸੁਖ ਧਾਲੀਵਾਲ, ਮੰਗਤ ਕੁਲਜਿੰਦ, ਜਸਬੀਰ ਮਾਨ, ਸੁੱਖੀ ਢਿੱਲੋਂ, ਅਕਾਸ਼ਦੀਪ ਛੀਨਾ, ਡਾ. ਦਵਿੰਦਰ ਕੌਰ, ਮਨਰਾਜ ਹਸਨ ਅਤੇ ਸ਼ਾਨ ਗਿੱਲ ਵਰਗੇ ਸ਼ਾਇਰ ਪੇਸ਼ ਹੋਏ ਉੱਥੇ ਹੀ ਅਰਨਵ ਗੌਤਮ, ਮਹਿਕਪ੍ਰੀਤ ਧਾਲੀਵਾਲ, ਨੂਰ ਬੱਲ, ਕੁਲਵਿੰਦਰ ਕੌਰ, ਮਨਜਿੰਦਰ ਸਿੰਘ ਫਤਹਿ ਘੁੰਮਣ, ਪ੍ਰੇਮ ਦੀਪ, ਰੂਬੀ ਔਲਖ, ਸਕਸ਼ੈ ਕਪੂਰ, ਨਵਦੀਪ ਬਰਾੜ, ਸੁਖਪ੍ਰੀਤ ਬੱਧਨ, ਅਯੂਸ਼ ਅਰੋੜਾ ਅਤੇ ਪ੍ਰੀਤ ਬੈਂਸ ਜਿਹੇ ਨਵੇਂ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਸ਼ਿਅਰਾਂ ਨਾਲ ਆਪਣੀ ਕਾਵਿਕ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਸਰੋਤਿਆਂ ਵੱਲੋਂ ਸਾਰੇ ਕਵੀਆਂ ਨੂੰ ਮਾਣਦਿਆਂ ਭਰਵੀਆਂ ਤਾੜੀਆਂ ਨਾਲ਼ ਦਾਦ ਦਿੱਤੀ ਗਈ।

ਪ੍ਰੋਗਰਾਮ ਦੇ ਆਗਾਜ਼ ਵਿਚ ਮੰਚ ਆਗੂ ਰਾਜਵੰਤ ਰਾਜ ਨੇ ਸਭ ਨੂੰ ਜੀ ਆਇਆਂ ਕਿਹਾ। ਕਾਵਿਸ਼ਾਰ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਸਾਡੇ ਬਹੁਤ ਸਾਰੇ ਸਹਿਯੋਗੀਆਂ ਵੱਲੋਂ ਇਹ ਮਲਾਲ ਜ਼ਾਹਰ ਕੀਤਾ ਜਾਂਦਾ ਸੀ ਕਿ ਗ਼ਜ਼ਲ ਮੰਚ ਸਿਰਫ ਗ਼ਜ਼ਲਕਾਰਾਂ ਨੂੰ ਹੀ ਆਪਣੇ ਸਾਲਾਨਾ ਮੁਸ਼ਾਇਰੇ ਵਿਚ ਪੇਸ਼ ਕਰਦਾ ਹੈ ਅਤੇ ਹੋਰ ਰੂਪਾਂ ਵਿਚ ਲਿਖਣ ਵਾਲ਼ੇ ਕਵੀਆਂ ਨੂੰ ਨਹੀਂ। ਉਨ੍ਹਾਂ ਕਿਹਾ ਕਿ ਮੰਚ ਦਾ ਅਜਿਹਾ ਮਕਸਦ ਉੱਕਾ ਹੀ ਨਹੀਂ ਸਗੋਂ ਮੰਚ ਵਿਚ ਕਵਿਤਾ ਦੇ ਵੱਖ ਵੱਖ ਰੂਪਾਂ ਵਿਚ ਰਚਨਾ ਕਰਨ ਵਾਲ਼ੇ ਕਵੀਆਂ ਦਾ ਵੀ ਓਨਾ ਹੀ ਸਤਿਕਾਰ ਹੈ। ਉਨ੍ਹਾਂ ਦੱਸਿਆ ਕਿ ਕਾਵਿਸ਼ਾਰ ਦਾ ਉਦੇਸ਼ ਸਾਰੇ ਕਵੀਆਂ ਨੂੰ ਇਕ ਪਲੇਟਫਾਰਮ ‘ਤੇ ਪੇਸ਼ ਕਰਨਾ ਅਤੇ ਵਿਸ਼ੇਸ਼ ਕਰ ਕੇ ਉੱਭਰ ਰਹੇ ਕਵੀਆਂ ਨੂੰ ਆਪਣੀ ਕਾਵਿ-ਕਲਾ ਦਾ ਇਜ਼ਹਾਰ ਕਰਨ ਲਈ ਮੰਚ ਪ੍ਰਦਾਨ ਕਰਨਾ ਹੈ।

ਮੰਚ ਦੇ ਪ੍ਰਧਾਨ ਜਸਵਿੰਦਰ ਨੇ ਆਪਣੇ ਧੰਨਵਾਦੀ ਸ਼ਬਦਾਂ ਵਿਚ ਕਿਹਾ ਕਿ ਕਾਵਿਸ਼ਾਰ ਵਿਚ ਪੇਸ਼ ਹੋਏ ਸਾਰੇ ਕਵੀਆਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ ਹਨ। ਸਾਡਾ ਮਨੋਰਥ ਸੀ ਕਿ ਗ਼ਜ਼ਲ ਮੰਚ ਸਿਰਫ ਗ਼ਜ਼ਲ ਤੱਕ ਹੀ ਸੀਮਤ ਨਾ ਰਹੇ ਕਿਉਂਕਿ ਵੈਨਕੂਵਰ ਖੇਤਰ ਵਿਚ ਗ਼ਜ਼ਲ ਤੋਂ ਇਲਾਵਾ ਹੋਰਨਾਂ ਰੂਪਾਂ ਵਿਚ ਕਵਿਤਾ ਰਚਨ ਵਾਲਿਆਂ ਦੀ ਕੋਈ ਘਾਟ ਨਹੀਂ। ਤੇ ਅੱਜ ਕਾਵਿਸ਼ਾਰ ਵਿਚ ਸ਼ਾਮਲ ਹੋਏ ਕਵੀਆਂ ਨੇ ਸਾਡੇ ਪਹਿਲੇ ਯਤਨ ਨੂੰ ਜਿਸ ਸੰਜੀਦਗੀ ਨਾਲ਼ ਹੁੰਗਾਰਾ ਦਿੱਤਾ ਹੈ, ਸਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਯਤਨ ਵਿਚ ਸਫਲ ਹੋਏ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਮੰਚ ਵੱਲੋਂ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿਚ ਕਾਵਿਸ਼ਾਰ ਪ੍ਰੋਗਰਾਮ ਨੂੰ ਪੰਜਾਬ ਵਿਚ ਹਰ ਸਾਲ ਨਾਭਾ ਸ਼ਹਿਰ ਵਿਚ ਹੁੰਦੇ ‘ਕਵਿਤਾ ਉਤਸਵ’ ਵਾਂਗ ਪ੍ਰਫੁੱਲਤ ਅਤੇ ਹਰਮਨ ਪਿਆਰਾ ਬਣਾਇਆ ਜਾਵੇ।

ਕਾਵਿਸ਼ਾਰ ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜਵੰਤ ਰਾਜ, ਦਵਿੰਦਰ ਗੌਤਮ ਅਤੇ ਦਸ਼ਮੇਸ਼ ਗਿੱਲ ਫ਼ਿਰੋਜ਼ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਕੀਤਾ। ਇਸ ਮੌਕੇ ਮੰਚ ਵੱਲੋਂ ਸਾਰੇ ਕਵੀਆਂ ਨੂੰ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਰੋਤਿਆਂ ਵਿਚ ਹਾਜਰ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਪ੍ਰਿਥੀਪਾਲ ਸੋਹੀ, ਡਾ. ਅਮਰਜੀਤ ਭੁੱਲਰ, ਕ੍ਰਿਸ਼ਨ ਭਨੋਟ, ਨਰਿੰਦਰ ਭਾਗੀ, ਸੁਖਜੀਤ ਕੌਰ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ, ਜਸਦੀਪ ਮਾਨ, ਪਰਤਾਪ (ਰੀਜਾਇਨਾ), ਨਵਜੋਤ ਢਿੱਲੋਂ, ਬਿੱਕਰ ਸਿੰਘ ਖੋਸਾ ਅਤੇ ਦਰਸ਼ਨ ਸੰਘਾ ਨੇ ਵੀ ਸਮੁੱਚੇ ਕਾਵਿਕ ਮਾਹੌਲ ਨੂੰ ਮਾਣਿਆਂ।

Have something to say? Post your comment

 

ਸੰਸਾਰ

ਬੰਗਲਾਦੇਸ਼: ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਡਾ: ਮਨਮੋਹਨ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ -ਬੰਨੇ ਤਾਰੀਫਾਂ ਦੇ ਪੁੱਲ

ਮਨਮੋਹਨ ਸਿੰਘ ਦਾ ਯੋਗਦਾਨ ਅਨਮੋਲ, ਉਨ੍ਹਾਂ ਦੀ ਸਿਆਸੀ ਹਿੰਮਤ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ: ਜੋ ਬਿਡੇਨ

ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹਸਪਤਾਲ ਵਿੱਚ ਭਰਤੀ

ਪਾਕਿਸਤਾਨ ਦੀ ਸਿੱਖ ਸੰਗਤ ਵੀ ਆਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ

ਢਾਕਾ ਨੇ ਨਵੀਂ ਦਿੱਲੀ ਨੂੰ ਲਿਖਿਆ ਪੱਤਰ ਮੰਗੀ ਆਪਣੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ

ਰਾਜਬੀਰ ਰਾਜੂ ਕਬੱਡੀ ਕਲੱਬ ਸਰੀ ਨੇ ਮਨਾਇਆ ਸ਼ਾਨਦਾਰ ਸਾਲਾਨਾ ਸਮਾਗਮ

ਗੁਰਦੁਆਰਾ ਨਾਨਕ ਨਿਵਾਸ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ

ਪਹਿਲੀ ਸਿੱਖ ਅਮਰੀਕੀ ਵਜੋਂ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਰਾਸ਼ਟਰ ਅੰਦਰ ਚੋਟੀ ਦੇ ਸਿਵਲ ਰਾਈਟਸ ਪੋਸਟ ਵਾਸਤੇ ਨਾਮਜ਼ਦ ਹੋਣ ਲਈ ਵਧਾਈ: ਸਾਲਡੇਫ

ਤਰਕਸ਼ੀਲ ਸੁਸਾਇਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ

ਕੌਮਾਂਤਰੀ ਅਪਰਾਧਿਕ ਅਦਾਲਤ ਨੇ ਇਜ਼ਰਾਈਲ ਦੇ ਨੇਤਨਯਾਹੂ, ਗੈਲੈਂਟ ਅਤੇ ਹਮਾਸ ਨੇਤਾ ਲਈ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ