ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਅਤੇ ਇਨੇਲੋ ਦੇ ਸੀਨੀਅਰ ਨੇਤਾ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਡੁੰਘਾ ਸੋਗ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਓਪੀ ਚੌਟਾਲਾ ਦੇ ਦੇਹਾਂਤ ਨਾਲ ਹਰਿਆਣਾ ਦੀ ਰਾਜਨੀਤੀ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੀ ਕਮੀ ਨੂੰ ਕੋਈ ਪੂਰਾ ਕਰ ਪਾਉਣਾ ਮੁਸ਼ਕਿਲ ਹੈ। ਹਰਿਆਣਾ ਦੀ ਰਾਜਨੀਤੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਦਾ ਯਾਦ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਚੌਟਾਲਾ ਜੀ ਦੀ ਸ਼ਖਸੀਅਤ ਸਾਦਗੀ ਅਤੇ ਸੰਘਰਸ਼ ਦਾ ਪ੍ਰਤੀਕ ਸੀ। ਉਹ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਪੇਂਡੂ ਤਰੱਕੀ, ਸਿਖਿਆ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕਈ ਯੋਜਨਾਵਾਂ ਚਲਾਈਆਂ। ਉਨ੍ਹਾਂ ਦੇ ਦੇਹਾਂਤ ਦਾ ਨਾ ਸਿਰਫ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਸੂਬੇ ਨੂੰ ਡੁੰਘਾ ਸਦਮਾ ਲਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਇਸ ਮਰਹੂਮ ਰੁੰਹ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਦੇ ਸਮੇਂ ਵਿੱਚ ਧੀਰਜ ਅਤੇ ਸੰਬਲ ਦੇਵੇ।
ਵਰਨਣਯੋਗ ਹੈ ਕਿ ਸ੍ਰੀ ਚੌਟਾਲਾ 1989 ਵਿੱਚ ਪਹਿਲੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਸਨ। ਉਹ ਪੰਜ ਵਾਰ ਰਾਜ ਦੇ ਮੁੱਖ ਮੰਤਰੀ ਰਹੇ। ਸ੍ਰੀ ਚੌਟਾਲਾ ਦਾ ਸ਼ੁਕੱਰਵਾਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਆਖ਼ਰੀ ਸਾਂਹ ਲਈ।