ਨਵੀਂ ਦਿੱਲੀ -ਉੱਤਰੀ ਪੱਛਮੀ ਦਿੱਲੀ ਦੇ ਗੁਰਦੁਆਰਾ ਸਾਧ ਸੰਗਤ ਸੈਨੀਕ ਵਿਹਾਰ ਵਿੱਚ ਬਲਜੀਤ ਸਿੰਘ ਮਾਰਵਾਹ ਤੀਜੀ ਵਾਰ ਨਿਰ ਵਿਰੋਧ ਪ੍ਰਧਾਨ ਚੁਣੇ ਗਏ। ਬੀਤੇ ਦਿਨਾਂ ਗੁਰਦੁਆਰਾ ਸਾਹਿਬ ਵਿੱਚ ਚੋਣ ਹੋਏ ਜਿਨ੍ਹਾਂ ਵਿੱਚ ਬਲਜੀਤ ਸਿੰਘ ਮਾਰਵਾਹ ਅਤੇ ਉਨ੍ਹਾਂ ਦੀ ਟੀਮ ਦੇ 9 ਹੋਰ ਮੈਂਬਰਾਂ ਦੇ ਸਾਹਮਣੇ ਕਿਸੇ ਵੀ ਉਮੀਦਵਾਰ ਨੇ ਨਾਮਾਂਕਨ ਨਹੀਂ ਭਰਿਆ ਜਿਸ ਕਾਰਨ ਉਨ੍ਹਾਂ ਦੀ ਪੂਰੀ ਟੀਮ ਪਿਛਲੇ ਵਾਰ ਵਾਂਗ ਇਸ ਵਾਰ ਵੀ ਨਿਰ ਵਿਰੋਧ ਚੁਣੀ ਗਈ। ਜਿਸ ਤੋਂ ਬਾਅਦ ਟੀਮ ਦੇ ਸਾਰੇ ਮੈਂਬਰਾਂ ਵੱਲੋਂ ਮੁੜ ਪ੍ਰਧਾਨ ਦੀ ਸੇਵਾ ਲਈ ਬਲਜੀਤ ਸਿੰਘ ਮਾਰਵਾਹ ਨੂੰ ਚੁਣ ਲਿਆ ਗਿਆ।
ਬਲਜੀਤ ਸਿੰਘ ਮਾਰਵਾਹ ਨੇ ਆਪਣੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਚਰਨਜੀਤ ਸਿੰਘ ਸਲੂਜਾ ਨੂੰ ਜਨਰਲ ਸੈਕਟਰੀ, ਸੁਰੀੰਦਰ ਸਿੰਘ ਰੇਖੀ ਸੀਨੀਅਰ ਮੀਤ ਪ੍ਰਧਾਨ, ਐਸ ਐਸ ਸਚਦੇਵਾ ਮੀਤ ਪ੍ਰਧਾਨ, ਕੁਲਦੀਪ ਸਿੰਘ ਸੈਨੀ ਖਜਾਨਚੀ, ਹਰਮਿੰਦਰ ਸਿੰਘ ਸੈਨੀ ਸੈਕਟਰੀ, ਬਲਬੀਰ ਸਿੰਘ ਸਹਗਲ ਪੈਟਰਨ, ਗੁਰਜੀਤ ਕੌਰ ਓਲਖ ਸਤ੍ਰੀ ਸੇਵਾ ਸੋਸਾਇਟੀ ਦੀ ਚੇਅਰਪ੍ਰਸਨ, ਬੀ ਬੀ ਖਰਬੰਦਾ ਡਾਇਲਿਸਿਸ ਸੈਂਟਰ ਦੇ ਚੇਅਰਮੈਨ, ਮਨਜੀਤ ਕੌਰ ਕੋਛੜ ਅਤੇ ਸਵਿੰਦਰ ਸਿੰਘ ਕੋਹਲੀ ਨੂੰ ਮੈਂਬਰ ਬਣਾਇਆ ਗਿਆ ਹੈ।
ਬਲਜੀਤ ਸਿੰਘ ਮਾਰਵਾਹ ਨੇ ਮੁੜ ਸੇਵਾ ਮਿਲਣ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਸੰਗਤ ਦਾ ਵੀ ਧੰਨਵਾਦ ਪ੍ਰਗਟ ਕੀਤਾ ਜਿਨ੍ਹਾਂ ਨੇ ਤੀਜੀ ਵਾਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਸਰਦਾਰ ਮਾਰਵਾਹ ਨੇ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਚੋਣ ਸਮੇਂ 'ਤੇ ਕਰਵਾਏ ਜਾ ਸਕਣ ਅਤੇ ਫਿਰ ਸੰਗਤ ਜਿਸ ਨੂੰ ਸੇਵਾ ਦਾ ਮੌਕਾ ਦੇਵੇ, ਉਹ ਸੇਵਾ ਕਰੇ। ਇਸ ਵਾਰੀ ਵੀ ਉਨ੍ਹਾਂ ਨੇ ਸਮੇਂ 'ਤੇ ਚੋਣ ਕਰਵਾਏ ਹਨ ਅਤੇ ਸੰਗਤ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ, ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਪਹਿਲਾਂ ਤੋਂ ਹੋਰ ਬਿਹਤਰ ਢੰਗ ਨਾਲ ਸੰਗਤ ਦੀ ਸੇਵਾ ਕੀਤੀ ਜਾਵੇ।
ਬਲਜੀਤ ਸਿੰਘ ਮਾਰਵਾਹ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਨੇ ਇਹ ਫੈਸਲਾ ਕੀਤਾ ਹੈ ਕਿ ਅਗਲੇ ਸਮੇਂ ਵਿੱਚ ਧਰਮ ਪ੍ਰਚਾਰ 'ਤੇ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਇਸਦੇ ਨਾਲ ਨਾਲ ਐਜੂਕੇਸ਼ਨ ਅਤੇ ਮੈਡੀਕਲ ਖੇਤਰ ਵਿੱਚ ਵੀ ਪਹਿਲਾਂ ਤੋਂ ਹੋਰ ਵੱਧ ਚੰਗੀ ਸੇਵਾ ਕੀਤੀ ਜਾਵੇਗੀ।