ਨਵੀਂ ਦਿੱਲੀ- ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਰਾਜੌਰੀ ਗਾਰਡਨ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਏ ਜਾਣ ’ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਢਾ, ਭਾਜਪਾ ਸੂਬਾ ਪ੍ਰਧਾਨ ਸ੍ਰੀ ਵਰਿੰਦਰ ਸਚਦੇਵਾ, ਇੰਚਾਰਜ ਸ੍ਰੀ ਬੈਜਯੰਤ ਪਾਂਡਾ ਤੇ ਕਮਲਜੀਤ ਸਹਿਰਾਵਤ ਸਮੇਤ ਪਾਰਟੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ ਅਤੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਉਹ ਇਹਨਾਂ ਚੋਣਾਂ ਵਿਚ ਭਾਜਪਾ ਦੀ ਜਿੱਤ ਲਈ ਕੰਮ ਕਰਨਗੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਉਹਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੇ ਉਹਨਾਂ ਨੂੰ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ। ਉਹਨਾਂ ਕਿਹਾ ਕਿ ਭਾਜਪਾ ਸਿਧਾਂਤਾ ਦੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਦੀ ਬੇਹਤਰੀ ਲਈ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕੌਮੀ ਰਾਜਧਾਨੀ ਵਿਚ ਗਰੀਬ ਤੇ ਦਬੇ ਕੁਚਲੇ ਲੋਕਾਂ ਦੀ ਬੇਹਤਰੀ ਵਾਸਤੇ ਕੰਮ ਕਰਨ ਵਚਨਬੱਧਤਾ ਇਸ ਗੱਲ ਤੋਂ ਹੀ ਜ਼ਾਹਰ ਹੁੰਦੀ ਹੈ ਕਿ ਉਹਨਾਂ ਨੇ ਗਰੀਬ ਵਰਗਾਂ ਲਈ ਫਲੈਟ ਬਣਾਏ, ਗਰੀਬਾਂ ਤੇ ਬਜ਼ੁਰਗਾਂ ਵਾਸਤੇ ਸਿਹਤ ਬੀਮਾ ਸਕੀਮ ਸ਼ੁਰੂ ਕੀਤੀ ਤੇ ਹੋਰ ਪ੍ਰੋਗਰਾਮ ਸ਼ੁਰੂ ਕੀਤੇ।
ਉਹਨਾਂ ਕਿਹਾ ਕਿ ਲੋਕਾਂ ਦੇ ਆਸ਼ੀਰਵਾਦ ਨਾਲ ਜੇਕਰ ਉਹ ਰਾਜੌਰੀ ਗਾਰਡਨ ਦੇ ਐਮ ਐਲ ਏ ਚੁਣੇ ਜਾਂਦੇ ਹਨ ਤਾਂ ਉਹ ਉਹ ਯਕੀਨੀ ਬਣਾਉਣਗੇ ਕਿ ਲੋਕਾਂ ਦੇ ਜੀਵਨ ਨੂੰ ਬੇਹਤਰ ਬਣਾਉਣ ਵਾਸਤੇ ਵੱਧ ਤੋਂ ਵੱਧ ਕਦਮ ਚੁੱਕੇ ਜਾਣ।