ਸਰੀ-ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਲੋਕਾਂ ਦੇ ਹਰਮਨ ਪਿਆਰੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੇ ਬੀਤੇ ਦਿਨ ਆਪਣੇ ਹਮਾਇਤੀਆਂ ਅਤੇ ਚਾਹੁਣ ਵਾਲਿਆਂ ਦਾ ਵੱਡਾ ਇਕੱਠ ਕਰ ਕੇ ਆਪਣੀ ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ ਹੈ। ਗਰੈਂਡ ਅੰਪਾਇਰ ਬੈਂਕੁਇਟ ਹਾਲ ਸਰੀ ਵਿਚ ਇਕੱਤਰ ਹੋਏ ਕਰੀਬ 1200 ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਸਰੀ ਦਾ ਭਵਿੱਖ ਸੰਵਾਰਨ ਲਈ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਸਮੁੱਚੇ ਭਾਈਚਾਰੇ ਨੂੰ ਇਕਮੁੱਠ ਹੋ ਕੇ ਡਟ ਜਾਣਾ ਚਾਹੀਦਾ ਹੈ।
ਲਿਬਰਲ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਸਰਕਾਰ ਨੇ ਵਾਗਡੋਰ ਕਥਿਤ ਵਿਗੜੀ ਹੋਈ ਅਫਸਰਸ਼ਾਹੀ ਦੇ ਹੱਥਾਂ ਵਿਚ ਦਿੱਤੀ ਹੋਈ ਹੈ ਅਤੇ ਇਕ ਇਕ ਨੌਕਰੀ ‘ਤੇ 20-20 ਅਫਸਰ ਲਾਏ ਹੋਏ ਹਨ। ਇਹ ਸਰਕਾਰ ਹਰ ਸਾਲ 20 ਬਿਲੀਅਨ ਡਾਲਰ ਸਲਾਹਕਾਰਾਂ ਉੱਪਰ ਰੋੜ੍ਹ ਰਹੀ ਹੈ। ਲੋਕ ਹਰ ਸਾਲ 500 ਬਿਲੀਅਨ ਡਾਲਰ ਵੱਖ ਵੱਖ ਟੈਕਸਾਂ ਰਾਹੀਂ ਸਰਕਾਰ ਨੂੰ ਦਿੰਦੇ ਹਨ ਪਰ ਉਸ ਦੇ ਇਵਜ਼ ਵਿਚ ਲੋਕਾਂ ਨੂੰ ਹੱਥਾਂ ਵਿਚ ਠੂਠਾ ਫੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਕਾਰਨ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ, ਲੋਕਾਂ ਦੇ ਸਿਰ ਦੀਆਂ ਛੱਤਾਂ ਖੁੱਸ ਰਹੀਆਂ ਹਨ। ਯੂਕਰੇਨ ਨੂੰ ਟਰੂਡੋ ਸਰਕਾਰ ਨੇ 20 ਅਰਬ ਡਾਲਰ ਦੇ ਦਿੱਤਾ ਪਰ ਆਪਣੇ ਦੇਸ਼ ਵਿਚ ਭੁੱਖਮਰੀ ਫੈਲੀ ਹੋਈ ਹੈ।