ਅੰਮ੍ਰਿਤਸਰ- ਖਾਲਸਾ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਇੰਟਰੋਡਕਟਰੀ ਬਾਇਓਇਨਫਾਰਮੈਟਿਕਸ: ਸਰਚਿੰਗ, ਰਿਟਰਾਈਵਿੰਗ ਐਂਡ ਐਨਾਲਾਈਜ਼ਿੰਗ ਸੀਕੁਐਂਸ ਡੇਟਾ’ ਵਿਸ਼ੇ ’ਤੇ ਇਕ ਰੋਜ਼ਾ ਹੈਂਡਸ—ਆਨ—ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ—ਨਿਰਦੇਸ਼ਾਂ ’ਤੇ ਕਰਵਾਈ ਗਈ ਉਕਤ ਵਰਕਸ਼ਾਪ ਮੌਕੇ ਐਚ. ਐਮ. ਵੀ. ਜਲੰਧਰ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਮੁੱਖੀ ਡਾ. ਹਰਪ੍ਰੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਇਸ ਵਰਕਸ਼ਾਪ ਦਾ ਮਕਸਦ ਭਾਗੀਦਾਰਾਂ ਦੀ ਬੁਨਿਆਦੀ ਬਾਇਓਇਨਫਾਰਮੈਟਿਕਸ ਟੂਲਸ ਅਤੇ ਤਕਨੀਕਾਂ ਸਬੰਧੀ ਗਿਆਨ ’ਚ ਵਾਧਾ ਕਰਨਾ ਸੀ।
ਉਕਤ ਵਰਕਸ਼ਾਪ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਪ੍ਰੋਗਰਾਮ ਕੋਆਰਡੀਨੇਟਰ ਅਤੇ ਵਿਭਾਗ ਮੁਖੀ ਡਾ. ਕਮਲਜੀਤ ਕੌਰ ਵੱਲੋਂ ਡਾ. ਹਰਪ੍ਰੀਤ ਸਿੰਘ, ਡਾ. ਰੰਧਾਵਾ ਅਤੇ ਕਾਲਜ ਦੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੂੰ ਫੁੱਲਾਂ ਦਾ ਪੌਦਾ ਭੇਂਟ ਕਰਕੇ ਸਵਾਗਤ ਨਾਲ ਕੀਤੀ ਗਈ।ਉਨ੍ਹਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਬਾਇਓਟੈਕਨਾਲੋਜੀ ’ਚ ਅੰਤਰ—ਅਨੁਸ਼ਾਸਨੀ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਮੌਕੇ ਡਾ. ਰੰਧਾਵਾ ਨੇ ਭਾਸ਼ਣ ਦਿੰਦਿਆਂ ਆਧੁਨਿਕ ਡਿਜੀਟਲ ਯੁੱਗ ’ਚ ਬਾਇਓਇਨਫਾਰਮੈਟਿਕਸ ਦੀ ਵੱਧਦੀ ਸਾਰਥਿਕਤਾ ਅਤੇ ਜ਼ਰੂਰਤ ਨੂੰ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਵਰਕਸ਼ਾਪ ਨੂੰ ਤਿੰਨ ਵਿਆਪਕ ਸੈਸ਼ਨਾਂ ’ਚ ਸੰਰਚਿਤ ਕੀਤਾ ਗਿਆ ਸੀ, ਜਿਸ ’ਚ ਵਿਦਿਆਰਥੀਆਂ ਦੇ ਨਾਲ—ਨਾਲ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਵਰਕਸ਼ਾਪ ’ਚ ਭਾਗੀਦਾਰਾਂ ਨੂੰ ਜੈਵਿਕ ਕ੍ਰਮ ਡੇਟਾ ਦੀ ਖੋਜ, ਪ੍ਰਾਪਤੀ ਅਤੇ ਵਿਸ਼ਲੇਸ਼ਣ ’ਚ ਵਿਹਾਰਕ ਅਨੁਭਵ ਪ੍ਰਦਾਨ ਕੀਤਾ।ਇਸ ਮੌਕੇ ਡਾ. ਭਾਟੀਆ ਨੇ ਸਮਕਾਲੀ ਬਾਇਓਟੈਕਨਾਲੋਜੀ ਖੋਜ ਅਤੇ ਸਿੱਖਿਆ ’ਚ ਕੰਪਿਊਟੇਸ਼ਨਲ ਔਜ਼ਾਰਾਂ ਅਤੇ ਸਰੋਤਾਂ ਦੀ ਉਪਯੋਗਤਾ ’ਤੇ ਚਾਨਣਾ ਪਾਇਆ।ਇਸ ਮੌਕੇ ਵਰਕਸ਼ਾਪ ਦੇ ਪ੍ਰਬੰਧਕੀ ਸਕੱਤਰ ਡਾ. ਜਸਪ੍ਰੀਤ ਸਿੰਘ ਨੇ ਡਾ. ਹਰਪ੍ਰੀਤ ਸਿੰਘ ਨਾਲ ਜਾਣ—ਪਛਾਣ ਕਰਵਾਈ।
ਇਸ ਮੌਕੇ ਡਾ. ਹਰਪ੍ਰੀਤ ਸਿੰਘ ਨੇ ਉਕਤ ਵਿਸ਼ੇ ਨਾਲ ਸਬੰਧਿਤ ਪਹਿਲੂਆਂ ਅਤੇ ਆਪਣੇ ਤਜ਼ਰਬੇ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਆਪਣੇ ਪ੍ਰੋਫੈਸ਼ਨਲ ’ਚ ਪ੍ਰਫੈਕਟ ਹੋਣ ਲਈ ਉਸ ਨੂੰ ਬਹੁਤ ਹੀ ਸੰਜੀਦਗੀ ਅਤੇ ਗੰਭੀਰਤਾ ਨਾਲ ਪੜ੍ਹੋ ਅਤੇ ਸਮਝੋ।ਉਨ੍ਹਾਂ ਕਿਹਾ ਕਿ ਕੋਈ ਕੰਮ ਮੁਸ਼ਕਿਲ ਵਾਲਾ ਨਹੀਂ ਹੁੰਦਾ, ਬੱਸ ਆਪਣੇ ਟੀਚੇ ’ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੁੰਦੀ ਹੈ।ਇਸ ਮੌਕੇ ਡਾ. ਮੁਕੇਸ਼ ਚੰਦਰ ਵੱਲੋਂ ਆਏ ਪਤਵੰਤਿਆਂ, ਸਰੋਤ ਵਿਅਕਤੀ, ਭਾਗੀਦਾਰਾਂ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ।