ਚੰਡੀਗੜ- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਦੀ ਅਗਵਾਈ ਵਾਲੀ ਮੀਟਿੰਗ ਤੋਂ ਪਹਿਲਾਂ ਮੀਟਿੰਗ ਹਾਲ ਨੂੰ ਤਾਲਾ ਲਗਾ ਦੇਣ ਦੇ ਮਸਲੇ ਤੇ ਸ਼੍ਰੋਮਣੀ ਕਮੇਟੀ ਮੈਬਰਾਂ ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਜੱਥੇਦਾਰ ਅਮਰੀਕ ਸਿੰਘ ਸ਼ਾਹਪੁਰ ਅਤੇ ਸਤਵਿੰਦਰ ਸਿੰਘ ਟੌਹੜਾ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਭਰਤੀ ਕਮੇਟੀ ਇਤਿਹਾਸਿਕ ਦੌਰ ਵਿੱਚੋਂ ਗੁਜਰ ਰਹੀ ਹੈ। ਬੀਤੇ ਦਿਨ ਫ਼ਤਹਿਗੜ੍ਹ ਸਾਹਿਬ ਮੀਟਿੰਗ ਹਾਲ ਨੂੰ ਤਾਲਾ ਲਗਾਕੇ ਵਿਘਨ ਪਵਾਉਣ ਵਾਲੀ ਸਾਜਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਤਾਲਾ ਲਗਾਉਣ ਵਾਲੀ ਘਟਨਾ ਨਿਰੋਲ ਮੀਟਿੰਗ ਨੂੰ ਰੋਕਣ ਲਈ ਕੀਤੀ ਸਾਜਿਸ਼ ਸੀ, ਇਸ ਦਾ ਪ੍ਰਮਾਣ ਇਹ ਹੈ ਕਿ ਅੱਜ ਉਸੇ ਹਾਲ ਵਿੱਚ ਨਾ ਸਿਰਫ ਇੱਕ ਸਾਹਿਤਿਕ ਪ੍ਰੋਗਰਾਮ ਹੋਇਆ ਸਗੋ ਉਸ ਦੇ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਕਰਦੇ ਨਜਰ ਆਏ। ਇਸ ਕਰਕੇ ਪ੍ਰਧਾਨ ਐਸਜੀਪੀਸੀ ਹਰਜਿੰਦਰ ਸਿੰਘ ਧਾਮੀ ਨੂੰ ਇਸ ਰਚੀ ਗਈ ਸਾਜਿਸ਼ ਪ੍ਰਤੀ ਸੰਗਤ ਤੋ ਨਾ ਸਿਰਫ ਮੁਆਫੀ ਮੰਗਣੀ ਚਾਹੀਦੀ ਹੈ ਸਗੋ ਇਸ ਪੂਰੀ ਘਟਨਾ ਤੇ ਜਵਾਬ ਦੇਣਾ ਚਾਹੀਦਾ ਹੈ।ਇਹਨਾਂ ਸਾਰੀਆਂ ਪੰਥ ਅਤੇ ਕੌਮ ਵਿਰੋਧੀ ਸਾਜਿਸ਼ਾਂ ਦਾ ਜਵਾਬ 10 ਮਈ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਜਵਾਬ ਦਿੱਤਾ ਜਾਵੇਗਾ।
ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਤਾਲਾ ਲਗਾਉਣ ਦੀ ਘਟਨਾ ਨੇ ਅੰਗਰੇਜ਼ ਹਕੂਮਤ ਵੱਲੋਂ ਗੁਰੂ ਘਰਾਂ ਦੀਆਂ ਚਾਬੀਆਂ ਆਪਣੇ ਕੋਲ ਰੱਖਣ ਵਾਲੀ ਘਟਨਾ ਦੀ ਯਾਦ ਚੇਤੇ ਕਰਵਾਈ ਹੈ, ਜਿਸ ਲਈ ਸਿੱਖ ਕੌਮ ਨੂੰ ਬਾਬਾ ਖੜਕ ਸਿੰਘ ਵਰਗੇ ਮਹਾਨ ਯੋਧਿਆਂ ਦੀ ਅਗਵਾਈ ਹੇਠ ਮੋਰਚਾ ਲਗਾ ਕੇ ਅੰਗਰੇਜ਼ ਹਕੂਮਤ ਨੂੰ ਚਾਬੀਆਂ ਵਾਪਿਸ ਕਰਨ ਲਈ ਮਜਬੂਰ ਹੋਣਾ ਪਿਆ ਸੀ। ਅੱਜ ਇਹ ਸਭ ਵਰਤਾਰਾ ਸੁਖਬੀਰ ਬਾਦਲ ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਹੈ। ਕਿਸੇ ਨਾ ਕਿਸੇ ਰੂਪ ਵਿੱਚ ਸੁਖਬੀਰ ਬਾਦਲ ਪੰਥ ਵਿਰੋਧੀ ਪੈਂਤੜੇ ਵਰਤ ਰਿਹਾ ਹੈ। ਐਸਜੀਪੀਸੀ ਮੈਬਰਾਂ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਇੱਕ ਵਿਅਕਤੀ ਵਿਸ਼ੇਸ਼ ਦੇ ਇਸ਼ਾਰਿਆਂ ਦੀ ਕਠਪੁਤਲੀ ਬਣਨ ਦੀ ਬਜਾਏ ਪ੍ਰਧਾਨ ਧਾਮੀ ਸਾਹਿਬ ਕੌਮ ਦੇ ਵਢੇਰੇ ਹਿਤਾਂ ਦੀ ਰਾਖੀ ਕਰਨ।