ਪੰਜਾਬ

ਭਾਕਿਯੂ ਏਕਤਾ ਡਕੌਂਦਾ ਦੀਆਂ ਔਰਤ ਕਾਰਕੁਨਾਂ ਦੀ ਹੋਈ ਸੂਬਾਈ ਵਿਸ਼ੇਸ਼ ਮੀਟਿੰਗ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ  | July 27, 2024 08:16 PM

ਬਰਨਾਲਾ-ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਸਬੰਧਿਤ ਸਰਗਰਮ ਔਰਤ ਕਾਰਕੁਨਾਂ ਦੀ ਵਿਸ਼ੇਸ਼ ਸੂਬਾਈ ਮੀਟਿੰਗ ਜਥੇਬੰਦੀ ਦੀ ਸੂਬਾ ਕਮੇਟੀ ਦੀ ਅਗਵਾਈ ਹੇਠ ਕੀਤੀ ਗਈ। ਇਸ ਵਿੱਚ ਲੱਗਭੱਗ ਦੋ ਸੌ ਔਰਤਾਂ ਨੇ ਭਾਗ ਲਿਆ। ਮੀਟਿੰਗ ਨੂੰ ਔਰਤ ਬੁਲਾਰਿਆਂ ਤੋਂ ਇਲਾਵਾ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਯਾਦਗਾਰੀ ਕਮੇਟੀ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।

ਮੀਟਿੰਗ ਦੀ ਸੁਰੂਆਤ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲਕਲਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਨਾਲ਼ ਹੋਈ। ਮਹਿਲ ਕਲਾਂ ਘੋਲ ਨਾਲ ਸਬੰਧਿਤ ਦਸਤਾਵੇਜ਼ੀ 'ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ' ਦਿਖਾਈ ਗਈ।

ਬੁਲਾਰਿਆਂ ਨੇ ਦੱਸਿਆ ਕਿ ਗੁੰਡਿਆਂ ਨਾਲ ਲੜ ਕੇ ਸ਼ਹੀਦ ਹੋਣ ਵਾਲੀ ਬੀਬੀ ਕਿਰਨਜੀਤ ਕੌਰ ਮਹਿਲਕਲਾਂ ਦੀ ਬਰਸੀ 12 ਅਗਸਤ ਨੂੰ ਮਹਿਲਕਲਾਂ ਦੀ ਦਾਣਾ ਮੰਡੀ ਵਿਖੇ ਮਨਾਈ ਜਾ ਰਹੀ ਹੈ। 1997 ਵਿੱਚ ਬਲਾਤਕਾਰ ਤੋਂ ਬਾਅਦ ਕਤਲ ਕੀਤੀ ਗਈ ਬੀਬੀ ਕਿਰਨਜੀਤ ਕੌਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਝੂਠੇ ਕਤਲ ਕੇਸ ਵਿੱਚ ਤਿੰਨ ਲੋਕ ਆਗੂਆਂ ਨੂੰ ਹੋਈ ਸਜ਼ਾ ਦੇ ਖ਼ਿਲਾਫ਼ ਚੱਲੇ ਇਤਿਹਾਸਕ ਘੋਲ ਵਿੱਚ ਔਰਤਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਨੂੰ ਚੇਤੇ ਕਰਦਿਆਂ ਯਾਦਗਾਰੀ ਸਮਾਗਮ ਵਿੱਚ ਜ਼ੋਰਦਾਰ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।

ਬੁਲਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਘਿਨਾਉਣੇ ਕੁਕਰਮਾਂ ਦੀ ਜੰਮਣ ਭੋਇੰ ਇਸ ਲੋਕ ਦੋਖੀ ਪ੍ਰਬੰਧ ਦਾ ਫਸਤਾ ਵੱਢ ਕੇ ਹੀ ਔਰਤਾਂ ਸੁਰੱਖਿਅਤ ਹੋ ਸਕਦੀਆਂ ਹਨ। ਇਸ ਪ੍ਰਬੰਧ ਵਿੱਚ ਜਿੱਥੇ ਕਿਰਤੀ ਜਮਾਤ ਸਰਮਾਏਦਾਰਾ ਲੁੱਟ ਖੋਹ ਅਤੇ ਜ਼ੁਲਮ ਦੀ ਸ਼ਿਕਾਰ ਹੈ, ਉੱਥੇ ਔਰਤਾਂ ਇਸ ਜ਼ੁਲਮ ਤੋਂ ਇਲਾਵਾ ਪਿਤਰ ਸੱਤਾ ਦੀਆਂਂ ਵੀ ਗ਼ੁਲਾਮ ਹਨ। ਅੱਧੇ ਸੰਸਾਰ ਦੀਆਂ ਮਾਲਕ ਔਰਤਾਂ ਘਰਾਂ ਅੰਦਰ ਕੈਦ ਹੋ ਕੇ ਰਹਿ ਗਈਆਂ ਹਨ, ਉਨ੍ਹਾਂ ਨੂੰ ਇਸ ਦੂਹਰੀ ਗ਼ੁਲਾਮੀ ਦੇ ਸੰਗਲ ਤੋੜਨ ਲਈ ਸੰਘਰਸ਼ਾਂਂ‌ ਦੇ ਮੈਦਾਨ ਵਿੱਚ ਨਿੱਤਰਨਾ ਪੈਣਾ ਹੈ।

ਇਨਕਲਾਬੀ ਕੇਂਦਰ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਰਤੀ ਔਰਤਾਂ ਦੇ ਮਾੜੇ ਹਾਲਾਤ, ਇਨ੍ਹਾਂ ਦੇ ਕਾਰਨ ਅਤੇ ਇਨ੍ਹਾਂ ਹਾਲਾਤਾਂ ਨੂੰ ਬਦਲਣ ਲਈ ਸੰਘਰਸ਼ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਲੋਕਾਂ ਦੀ ਇੱਕਮੁੱਠ ਤਾਕਤ ਦੇ ਸਿਰ ਤੇ ਮੌਜੂਦਾ ਗੰਦੇ ਪ੍ਰਬੰਧ ਨੂੰ ਉਲਟਾ ਕੇ ਨਵਾਂ ਸਮਾਜਵਾਦੀ ਪ੍ਰਬੰਧ ਸਿਰਜ ਕੇ ਹੀ ਔਰਤਾਂ ਅਤੇ ਕਿਰਤੀ ਜਮਾਤ ਦੀ ਮੁਕਤੀ ਹੋ ਸਕਦੀ ਹੈ।
ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ ਨੇ ਮਹਿਲਕਲਾਂ ਘੋਲ ਦੇ ਸਬਕ ਅਤੇ ਇਨ੍ਹਾਂ ਦੀ ਰੋਸ਼ਨੀ ਵਿੱਚ ਜਨਤਕ ਸੰਘਰਸ਼ਾਂ ਦੀ ਲੋੜ ਤੇ ਜ਼ੋਰ ਦਿੰਦਿਆਂ 12 ਅਗਸਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਮਹਿਲਕਲਾਂ ਪਹੁੰਚਣ ਦਾ ਸੱਦਾ ਦਿੱਤਾ।

ਮੀਟਿੰਗ ਵਿੱਚ ਬਰਨਾਲਾ, ਬਠਿੰਡਾ, ਮਾਨਸਾ, ਲੁਧਿਆਣਾ, ਫ਼ਿਰੋਜ਼ਪੁਰ, ਫਾਜ਼ਿਲਕਾ, ਸੰਗਰੂਰ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਤੋਂ ਔਰਤ ਕਾਰਕਨਾਂ ਕਾਫ਼ਲਿਆਂ ਦੇ ਰੂਪ 'ਚ ਸ਼ਾਮਿਲ ਹੋਈਆਂ ਅਤੇ ਸੂਬਾ ਕਮੇਟੀ ਮੈਂਬਰ ਅੰਮ੍ਰਿਤਪਾਲ ਕੌਰ ਹਰੀਨੌਂ, ਅਮਰਜੀਤ ਕੌਰ ਬਰਨਾਲਾ, ਪ੍ਰੇਮ ਪਾਲ ਕੌਰ, ਪਰਮਜੀਤ ਕੌਰ ਜੋਧਪੁਰ, ਕੇਵਲ ਜੀਤ ਕੌਰ, ਪਰਵਿੰਦਰ ਕੌਰ ਵਾੜਾ ਭਾਈਕਾ, ਗੁਰਮੀਤ ਕੌਰ ਧਾਲੀਵਾਲ, ਹਰਜਿੰਦਰ ਕੌਰ ਲੁਧਿਆਣਾ, ਸੁਖਵੰਤ ਕੌਰ ਗਾਲਬ, ਸੁਰਜੀਤ ਕੌਰ ਕਿਸ਼ਨਗੜ੍ਹ, ਸੁਹਜਪ੍ਰੀਤ ਕੌਰ, ਸੁਖਜੀਤ ਕੌਰ ਭੈਣੀ ਬਾਘਾ, ਰਣਦੀਪ ਕੌਰ ਅਤੇ ਮਨਜੀਤ ਕੌਰ ਸੰਧੂ ਕਲਾਂ ਨੇ ਸੰਬੋਧਨ ਕੀਤਾ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਔਰਤਾਂ ਦੇ ਜਥੇਬੰਦ ਹੋਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਸਾਨੀ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।

ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸਾਰੀਆਂਂ ਔਰਤਾਂ ਅਤੇ ਹੋਰ ਆਗੂਆਂ ਦਾ ਮੀਟਿੰਗ ਵਿੱਚ ਪਹੁੰਚਣ ਤੇੇ ਧੰਨਵਾਦ ਕੀਤਾ।

ਇਸ ਮੌਕੇ ਤੇ ਔਰਤ ਵਿੰਗ ਦੀ ਕਨਵੀਨਰ ਬੀਬੀ ਅੰਮ੍ਰਿਤਪਾਲ ਕੌਰ ਦੇ ਨਾਲ ਬੀਬੀ ਹਰਜਿੰਦਰ ਕੌਰ ਲੁਧਿਆਣਾ ਅਤੇ ਅਮਰਜੀਤ ਕੌਰ ਬਰਨਾਲਾ ਨੂੰ ਕੋ-ਕਨਵੀਨਰ ਲਾ ਕੇ ਔਰਤਾਂ ਨੂੰ ਜਥੇਬੰਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।

ਮੀਟਿੰਗ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਬਾਖੂਬੀ ਚਲਾਈ। ਹੋਰਨਾਂ ਤੋਂ ਇਲਾਵਾ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਵੀ ਹਾਜ਼ਰ ਸਨ।

Have something to say? Post your comment

 

ਪੰਜਾਬ

ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਹਲਾ ਸਾਹਿਬ ਤੋਂ ਗੁਰਦੁਆਰਾ ਬਾਉਲੀ ਸਾਹਿਬ ਤੱਕ ਸਜਾਇਆ ਨਗਰ ਕੀਰਤਨ

ਸਿੱਖਿਆ ਦੇ ਨਾਲ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਵੀ ਲਾਜ਼ਮੀ-ਵਿਧਾਇਕ ਬਣਾਂਵਾਲੀ

ਸ਼ਹੀਦਾਂ ਦੀ ਕੁਰਬਾਨੀ ਸਾਂਭਣਾ ਸਮੇਂ ਦੀ ਲੋੜ : ਵਿਧਾਇਕ ਬੁੱਧ ਰਾਮ

ਨਕੋਦਰ ਪੁਲਿਸ ਫਾਇਰਿੰਗ ਮਾਮਲੇ ਨਾਲ ਮੇਰਾ ਕੋਈ ਸਰੋਕਾਰ ਨਹੀਂ: ਦਰਬਾਰਾ ਸਿੰਘ ਗੁਰੂ

ਨਵੇਂ ਫੌਜਦਾਰੀ ਕਾਨੂੰਨਾਂ ਨੇ 70 ਸਾਲਾਂ 'ਚ ਲੋਕ ਦਬਾਅ ਹੇਠ ਬਣੇ ਲੋਕ-ਪੱਖੀ ਕਾਨੂੰਨੀ ਸੁਧਾਰਾਂ ’ਤੇ ਪੋਚਾ ਮਾਰਿਆ: ਬੈਂਸ

ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਮਾਗਮ

ਯਾਦਗਾਰੀ ਹੋ ਨਿਬੜਿਆ ਗਿਆਨੀ ਦਿੱਤ ਸਿੰਘ ਜੀ ਦਾ 123ਵਾਂ ਬਰਸੀ ਸਮਾਗਮ

ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਰਹੀ ਪੱਲਵੀ ਰਾਜਪੂਤ ਦੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਚੋਣ

ਭਾਗਸਰ ਪਿੰਡ ਦੇ ਸਰਪੰਚ ਸਣੇ 350 ਪਰਿਵਾਰਾਂ ਨੇ ਫੜਿਆ ਆਪ ਦਾ ਪੱਲਾ

ਅੰਬੇਡਕਰ ਇੰਸਟੀਚਿਊਟ ਫਾਰ ਕੈਰੀਅਰਜ਼ ਐਂਡ ਕੋਰਸਿਜ਼, ਐਸ.ਏ.ਐਸ ਨਗਰ ਦੇ ਗੈਸਟ ਫੈਕਲਟੀ ਮੈਂਬਰਾਂ ਦੇ ਮਾਣ ਭੱਤੇ ਵਿੱਚ ਵਾਧਾ: ਡਾ. ਬਲਜੀਤ ਕੌਰ