ਨਵੀਂ ਦਿੱਲੀ - ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਭੁਗਤਣ ਲਈ ਸੇਵਾ ਕਰ ਰਹੇ ਸ. ਸੁਖਬੀਰ ਸਿੰਘ ਬਾਦਲ ਉੱਪਰ ਹੋਏ ਜਾਨਲੇਵਾ ਹਮਲੇ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ । ਕਿਉਂਕਿ ਇਸ ਦਰ ਤੋਂ ਕੁੱਲ ਦੁਨੀਆ ਲਈ ਇੱਕ ਅਕਾਲ ਪੁਰਖ ਦੀ ਭਗਤੀ ਤੇ ਆਪਸੀ ਪ੍ਰੇਮ ਪਿਆਰ ਦਾ ਸੰਦੇਸ਼ ਜਾਂਦਾ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਅਜਿਹੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਕੇ ਤਨਖਾਹ ਭੁਗਤ ਰਹੇ ਇੱਕ ਸਿੱਖ ਤੇ ਸੱਚੇ ਪਾਤਸ਼ਾਹ ਦੇ ਦਰ ਤੇ ਹਮਲਾ ਕਰਨ ਵਾਲੇ ਜਿੱਥੇ ਗੁਰੂ ਦੇ ਦਰ ਤੇ ਤਾਂ ਦੋਸ਼ੀ ਬਣੇ ਹੀ ਹਨ । ਉੱਥੇ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਕਾਰਵਾਈ ਕਰਕੇ ਸਾਰੇ ਦੋਸ਼ੀ ਨਸ਼ਰ ਕੀਤੇ ਜਾਣ ।
ਗੁਰੂ ਸਾਹਿਬ ਦੀ ਬਾਣੀ ਦੀ ਫੁਰਮਾਨ ਹੈ ਕਿ "ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥"
ਇਸ ਲਈ ਸੱਚੇ ਪਾਤਸ਼ਾਹ ਆਪਣੇ ਦਰ ਤੇ ਸੇਵਾ ਕਰ ਰਹੇ ਸੇਵਕ ਦੀ ਆਪ ਰੱਖਿਆ ਕੀਤੀ ਹੈ । ਅਸੀ ਇਹ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਹਮਲਿਆਂ ਤੋਂ ਡਰਨ ਵਾਲਾ ਨਹੀਂ । ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ । ਗੁਰੂ ਸਾਹਿਬ ਆਪ ਅੰਗ ਸੰਗ ਹਨ । ਪਰ ਇਸਦੇ ਨਾਲ ਹੀ ਇਹ ਪੰਜਾਬ ਸਰਕਾਰ ਦਾ ਕਾਨੂੰਨ ਤੇ ਵਿਵਸਥਾ ਉਪਰ ਕੋਈ ਕੰਟਰੋਲ ਨਾ ਹੋਣ ਦਾ ਭਾਂਡਾ ਵੀ ਭੰਨਿਆ ਗਿਆ ਹੈ । ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ । ਕਿਉਂਕਿ ਜੇਕਰ ਸੂਬੇ ਅੰਦਰ ਇੱਕ ਸਾਬਕਾ ਉਪ ਮੁੱਖ ਮੰਤਰੀ ਤੇ ਸੂਬੇ ਦੀ ਅਹਿਮ ਸਖਸ਼ੀਅਤ ਉੱਪਰ ਦਿਨ ਦਿਹਾੜੇ ਹਮਲਾ ਹੋ ਸਕਦਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ।