ਨਵੀਂ ਦਿੱਲੀ -“ਜੋ ਅੱਜ ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ ਉਤੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ, ਉਸ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਜੋ ਵੀ ਸਿਆਸਤਦਾਨ ਆਪਣੇ ਹਕੂਮਤੀ ਹਊਮੈ ਅਤੇ ਕਰੋੜਾਂ-ਅਰਬਾਂ ਦੇ ਕਾਰੋਬਾਰਾਂ ਅਧੀਨ ਜਨਤਾ ਨਾਲ ਬੇਇਨਸਾਫ਼ੀਆਂ, ਧੋਖੇ ਫਰੇਬ ਕਰਕੇ ਆਪਣੀਆ ਵੱਡੀਆ-ਵੱਡੀਆ ਜਾਇਦਾਦਾਂ ਨੂੰ ਵਧਾਉਦੇ ਹਨ ਅਤੇ ਲੋਕਾਂ ਦਾ ਕਤਲੇਆਮ ਕਰਵਾਕੇ ਬਾਦਸਾਹੀਆ ਦੀ ਤਰ੍ਹਾਂ ਵਿਚਰਦੇ ਹਨ, ਉਨ੍ਹਾਂ ਨੂੰ ਪਾਕਿਸਤਾਨ ਕਵੀ ਦੇ ਇਹ ਸਬਦ ‘ਡਾਢੇ ਰੱਬ ਤੋ ਡਰਕੇ ਰਹੀਏ, ਉਹ ਰਾਜਿਆ ਤੋ ਭੀਖ ਮੰਗਾ ਦਿੰਦਾ ਈ... ਦੇ ਅਰਥ ਭਰਪੂਰ ਸ਼ਬਦਾਂ ਨੂੰ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ ਅਤੇ ਆਪਣੀ ਹਊਮੈ ਤੇ ਹਕੂਮਤ ਦੀ ਦੁਰਵਰਤੋ ਕਰਕੇ ਪ੍ਰਾਪਤ ਕੀਤੇ ਗਏ ਸਾਧਨਾਂ ਤੇ ਅਮਲੇ-ਫੈਲੇ ਦੇ ਮਾਣ ਘੁਮੰਡ ਦਾ ਪੂਰਨ ਰੂਪ ਵਿਚ ਤਿਆਗ ਕਰਕੇ ਆਪਣੇ ਸਵਾਸਾਂ ਨੂੰ ਸਮੁੱਚੀ ਲੋਕਾਈ ਅਤੇ ਮਨੁੱਖਤਾ ਦੀ ਸੇਵਾ ਵਿਚ ਲਗਾਉਣਾ ਚਾਹੀਦਾ ਹੈ । ਅਜਿਹੇ ਜੀਵਨ ਨੂੰ ਹੀ ਸਫਲ ਮੰਨਿਆ ਜਾ ਸਕਦਾ ਹੈ ।”
ਉਨ੍ਹਾਂ ਕਿਹਾ ਕਿ ਸੁਕਰ ਹੈ ਕਿ ਸ. ਸੁਖਬੀਰ ਸਿੰਘ ਬਾਦਲ ਇਸ ਦੁਖਾਂਤ ਤੋ ਬਚ ਗਏ ਹਨ, ਪਰ ਹੁਣ ਉਨ੍ਹਾਂ ਨੂੰ ਉਸ ਅਕਾਲ ਪੁਰਖ ਦਾ ਅੰਤਰ ਆਤਮਾ ਤੋ ਸੁਕਰਾਨਾ ਕਰਦੇ ਹੋਏ ਆਪਣੇ ਰਹਿੰਦੇ ਜਿੰਦਗੀ ਦੇ ਸਵਾਸਾਂ ਨੂੰ ਅੱਛੇ ਅਮਲਾਂ ਵਿਚ ਲਗਾਕੇ ਬੀਤੇ ਸਮੇ ਦੇ ਹੋਏ ਪਾਪਾ ਦਾ ਪਸਚਾਤਾਪ ਕਰਨਾ ਚਾਹੀਦਾ ਹੈ ਕਿਉਂਕਿ ਉਸ ਅਕਾਲ ਪੁਰਖ ਦੀ ਖੇਡ ਤੋ ਦੁਨਿਆਵੀ ਇਨਸਾਨ ਹਮੇਸ਼ਾਂ ਅਣਜਾਨ ਹੁੰਦਾ ਹੈ । ਲੇਕਿਨ ਕਿਸੇ ਨਾ ਕਿਸੇ ਰੂਪ ਵਿਚ ਹਕੂਮਤੀ ਤਾਕਤ ਦੇ ਨਸੇ ਵਿਚ ਕੀਤੇ ਗਏ ਮਨੁੱਖਤਾ ਵਿਰੋਧੀ ਅਮਲਾਂ ਦਾ ਅਜਿਹੇ ਸਿਆਸਤਦਾਨਾਂ ਨੂੰ ਸਜਾ ਜਰੂਰ ਭੁਗਤਣੀ ਪੈਦੀ ਹੈ । ਇਸ ਲਈ ਕਿਸੇ ਵੀ ਸਿਆਸਤਦਾਨ ਨੂੰ ਆਪਣੀ ਸਿਆਸੀ, ਕਾਰੋਬਾਰੀ ਤੇ ਹੋਰ ਕਿਸੇ ਤਰ੍ਹਾਂ ਦੀ ਦੁਨਿਆਵੀ ਤਾਕਤ ਦੇ ਹਊਮੈ ਵਿਚ ਆ ਕੇ ਮਨੁੱਖਤਾ, ਜਨਤਾ ਨਾਲ ਕਤਈ ਨਾ ਤਾਂ ਬੇਇਨਸਾਫ਼ੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਆਪਣੇ ਲੋਕਾਂ ਨਾਲ ਧੌਖਾ ਫਰੇਬ ਕਰਨਾ ਚਾਹੀਦਾ ਹੈ । ਉਨ੍ਹਾਂ ਸ. ਨਰਾਇਣ ਸਿੰਘ ਚੌੜਾ ਜਿਨ੍ਹਾਂ ਵੱਲੋ ਇਹ ਗੋਲੀ ਚਲਾਈ ਗਈ ਹੈ, ਉਨ੍ਹਾਂ ਨੇ ਬੀਤੇ ਸਮੇਂ ਵਿਚ ਖਾਲਸਾ ਪੰਥ ਦੀ ਨਿਡਰਤਾ ਤੇ ਨਿਰਭੈਤਾ ਨਾਲ ਕੀਤੀ ਗਈ ਸੇਵਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਹ ਇਕ ਉੱਚੀ ਵਿਦਵਤਾ ਤੇ ਦ੍ਰਿੜਤਾ ਵਾਲੇ ਇਨਸਾਨ ਹਨ ਜਿਨ੍ਹਾਂ ਨੇ ਬੀਤੇ ਸਮਿਆ ਦੇ ਦੁਖਾਂਤ, ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਸੰਬੰਧੀ ਕਈ ਕਿਤਾਬਾਂ ਵੀ ਲਿਖੀਆ ਹਨ । ਉਨ੍ਹਾਂ ਉਤੇ ਪੁਲਿਸ ਵੱਲੋ ਜਾਂ ਖੂਫੀਆ ਏਜੰਸੀਆ ਵੱਲੋ ਕਿਸੇ ਤਰ੍ਹਾਂ ਦਾ ਵੀ ਤਸੱਦਦ ਨਹੀ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਜੁਬਾਨੀ ਤੌਰ ਤੇ ਆਪਣੇ ਢੰਗਾਂ ਰਾਹੀ ਪੁੱਛਤਾਛ ਕਰਨੀ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਬੇਸੱਕ ਜਥੇਦਾਰ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਐਸ.ਜੀ.ਪੀ.ਸੀ ਦੀ ਨਿਗਰਾਨੀ ਹੇਠ ਸਾਜਸੀ ਢੰਗ ਨਾਲ ਲਾਪਤਾ ਹੋਏ 328 ਪਾਵਨ ਸਰੂਪਾਂ ਦਾ ਸੱਚ ਸ੍ਰੀ ਸੁਖਬੀਰ ਬਾਦਲ ਤੋ ਪ੍ਰਵਾਨ ਕਰਵਾਇਆ ਹੈ, ਪਰ 328 ਪਾਵਨ ਸਰੂਪ ਕਿਥੇ ਗਏ ਹਨ, ਅੱਜ ਕਿਸ ਹਾਲਾਤ ਵਿਚ ਹਨ, ਇਨ੍ਹਾਂ ਨੂੰ ਕੌਣ ਲੈਕੇ ਗਿਆ ਹੈ, ਕਿਸ ਮੰਦਭਾਵਨਾ ਭਰੇ ਮਕਸਦ ਲਈ ਲੈਕੇ ਗਿਆ ਹੈ ਅਤੇ ਇਸ ਅਪਮਾਨਿਤ ਦੁੱਖਦਾਇਕ ਅਮਲ ਲਈ ਕੌਣ ਜਿੰਮੇਵਾਰ ਹਨ ? ਉਨ੍ਹਾਂ ਦੀ ਸਜਾ ਤੇ ਸੱਚਾਈ ਨੂੰ ਤਹਿ ਤੇ ਪ੍ਰਤੱਖ ਨਾ ਕਰਕੇ ਖਾਲਸਾ ਪੰਥ ਵਿਚ ਇਨ੍ਹਾਂ ਸਿਆਸਤਦਾਨਾਂ ਵੱਲੋ ਕੀਤੇ ਧੋਖੇ ਫਰੇਬ ਦੇ ਅਮਲ ਨੂੰ ਜੋ ਅਧੂਰਾ ਛੱਡ ਦਿੱਤਾ ਗਿਆ ਹੈ ਉਸ ਸੰਬੰਧੀ ਅਜੇ ਵੀ ਖਾਲਸਾ ਪੰਥ ਵਿਚ ਵੱਡਾ ਰੋਹ ਹੈ, ਸਾਇਦ ਉਪਰੋਕਤ ਘਟਨਾ ਦਾ ਵਰਤਾਰਾ ਵੀ ਇਸੇ ਦਾ ਨਤੀਜਾ ਹੈ ।