ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਮਾਤਾ ਸਾਹਿਬ ਕੌਰ ਨਿਵਾਸ ਸਰਾਂ ਸੰਗਤ ਨੂੰ ਸਮਰਪਿਤ ਕੀਤੀ ਗਈ ਹੈ ਜਿਸਦੀ ਸੇਵਾ ਤਰਲੋਚਨ ਸਿੰਘ ਵੀਰਜੀ ਝਾੜੂ ਵਾਲੇ ਜਥੇ ਵੱਲੋ ਕੀਤੀ ਗਈ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ, ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਗੁਰੂਦਵਾਰਾ ਸਾਹਿਬ ਦੇ ਚੇਅਰਮੈਨ ਤਰਵਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਗੁਰੂ ਘਰ ਵਿਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਹੈ, ਉਥੇ ਹੀ ਜਿਹੜਾ ਨਿਸ਼ਾਨ ਸਾਹਿਬ ਲਗਾਇਆ ਜਾਂਦਾ ਹੈ, ਉਸਦਾ ਮਤਲਬ ਹੁੰਦਾ ਹੈ ਕਿ ਇਹ ਮਾਨਵਤਾ ਦਾ ਅਤੇ ਗੁਰੂ ਸਾਹਿਬ ਦਾ ਘਰ ਹੈ ਜਿਥੇ ਹਰ ਲੋੜਵੰਦ ਦੀ ਲੋੜ ਪੂਰੀ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਭੁੱਖਾ ਹੈ ਤਾਂ ਉਸਨੂੰ ਭੋਜਨ ਮਿਲੇਗਾ, ਜੇਕਰ ਕੋਈ ਰੋਗੀ ਹੈ ਤਾਂ ਉਸਦੇ ਇਲਾਜ ਦੀ ਸਹੂਲਤ ਮਿਲੇਗੀ ਅਤੇ ਜੇਕਰ ਕੋਈ ਯਾਤਰੂ ਹੈ ਤਾਂ ਉਸਨੂੰ ਠਹਿਰਣ ਲਈ ਨਿਵਾਸ ਅਸਥਾਨ ਮਿਲੇਗਾ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸੇ ਸੋਚ ਤਹਿਤ ਸਾਰੇ ਗੁਰੂ ਘਰਾਂ ਵਿਚ ਵਿਸ਼ਰਾਮ ਘਰ ਯਾਨੀ ਸਰਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਬਾਲਾ ਸਾਹਿਬ ਵਿਖੇ ਇਸ ਅਸਥਾਨ ’ਤੇ ਮਾਤਾ ਸੁੰਦਰ ਕੌਰ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਗੀਠੇ ਹਨ। ਉਹਨਾਂ ਕਿਹਾ ਕਿ ਇਸ ਥਾਂ ’ਤੇ ਯਾਤਰੂ ਨਿਵਾਸ ਦੀ ਬਹੁਤ ਵੱਡੀ ਜ਼ਰੂਰਤ ਸੀ। ਉਹਨਾਂ ਕਿਹਾ ਕਿ ਇਹ ਸੇਵਾ ਝਾੜੂ ਵਾਲੀ ਸੰਸਥਾ ਜਥੇਦਾਰ ਤਰਲੋਚਨ ਸਿੰਘ ਨੂੰ ਦਿੱਤੀ ਗਈ ਸੀ ਜਿਹਨਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਮੁਕੰਮਲ ਕੀਤੀ ਹੈ।
ਉਹਨਾਂ ਕਿਹਾ ਕਿ ਹੁਣ ਸੇਵਾ ਮੁਕੰਮਲ ਹੋਣ ਉਪਰੰਤ ਹੁਣ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸੰਗਤਾਂ ਲਈ ਸਮਰਪਿਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੇਵਾ ਨਿਭਾਉਣ ਵਾਲਿਆਂ ਦਾ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਇਹ ਸੇਵਾ ਬਿਨਾਂ ਸ਼ੱਕ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ।